ਨਵੀਂ ਦਿੱਲੀ, 8 ਅਕਤੂਬਰ (ਪੋਸਟ ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਹੋਣ ਵਾਲੀ ਦੂਜੀ ਗੈਰ ਰਸਮੀ ਗੱਲਬਾਤ ਬਾਰੇ ਹਾਲੇ ਤੱਕ ਦੋਵੇਂ ਦੇਸ਼ਾਂ ਦੇ ਵਿਦੇਸ਼ ਮੰੰਤਰਾਲਿਆਂ ਨੇ ਚੁੱਪ ਰੱਖੀ ਹੈ। ਕੋਈ ਰਸਮੀ ਬਿਆਨ ਨਹੀਂ ਆਇਆ। ਇਹ ਸ਼ਾਇਦ ਆਪਣੇ ਆਪ 'ਚ ਬਹੁਤ ਦੁਰਲੱਭ ਹੈ ਕਿ ਦੋ ਦੇਸ਼ਾਂ ਦੇ ਪ੍ਰਮੁੱਖ ਨੇਤਾਵਾਂ ਵਿਚਾਲੇ ਮੁਲਾਕਾਤ ਦੀ ਤਿਆਰੀ ਚੱਲ ਰਹੀ ਹੈ ਪਰ ਇਸ ਬਾਰੇ ਬਿਆਨ ਦੇਣ ਤੋਂ ਬਚਿਆ ਗਿਆ ਹੈ।
ਇਸ ਨਾਲ ਕੂਟਨੀਤਕ ਸਰਕਲ 'ਚ ਕਿਆਸਾਂ ਦਾ ਦੌਰ ਵੀ ਚੱਲ ਰਿਹਾ ਹੈ ਤੇ ਕਈ ਵਿਸ਼ਲੇਸ਼ਕ ਇਸ ਨੂੰ ਕਸ਼ਮੀਰ ਮੁੱਦੇ 'ਤੇ ਦੋਵੇਂ ਦੇਸ਼ਾਂ ਵਿਚਾਲੇ ਚੱਲ ਰਹੇ ਤਣਾਅ ਨਾਲ ਵੀ ਜੋੜ ਕੇ ਦੇਖ ਰਹੇ ਹਨ। ਅਪਰੈਲ 2018 ਵਿੱਚ ਜਦੋਂ ਦੋਵਾਂ ਨੇਤਾਵਾਂ ਦੀ ਇਸ ਤਰ੍ਹਾਂ ਦੀ ਪਹਿਲੀ ਬੈਠਕ ਵੁਹਾਨ (ਚੀਨ) 'ਚ ਤੈਅ ਕੀਤੀ ਗਈ ਸੀ ਉਦੋਂ ਭਾਰਤੀ ਵਿਦੇਸ਼ ਮੰਤਰਾਲੇ ਨੇ ਪੰਜ ਦਿਨ ਪਹਿਲਾਂ ਹੀ ਰਸਮੀ ਬਿਆਨ ਜਾਰੀ ਕਰ ਦਿੱਤਾ ਸੀ। ਅਗਲੀ ਬੈਠਕ ਬਾਰੇ ਜਿਵੇਂ ਤਿਆਰੀਆਂ ਹਨ, ਉਸ ਵਿੱਚ ਕੋਈ ਕਮੀ ਨਹੀਂ ਵਰਤੀ ਜਾ ਰਹੀ। ਵਿਦੇਸ਼ ਮੰਤਰਾਲੇ ਦੇ ਸੂਤਰਾਂ ਮੁਤਾਬਕ ਬੈਠਕ ਆਪਣੇ ਮਿਥੇ ਪ੍ਰੋਗਰਾਮ ਦੇ ਮੁਤਾਬਕ ਹੀ ਹੋਵੇਗੀ। ਭਾਰਤੀ ਵਿਦੇਸ਼ ਮੰਤਰਾਲੇ ਨੇ ਬੀਤੀ ਦਿਨੀ ਨੂੰ ਇਸ ਬੈਠਕ ਦੀ ਕਵਰੇਜ ਲਈ ਮੀਡੀਆ ਰਜਿਸਟ੍ਰੇਸ਼ਨ ਦੀ ਸ਼ੁਰੂਆਤ ਵੀ ਕਰ ਦਿੱਤੀ ਸੀ, ਜਦ ਕਿ ਨਵੀਂ ਦਿੱਲੀ 'ਚ ਚੀਨ ਦੇ ਰਾਜਦੂਤ ਸੁਨ ਵੀਡੋਂਗ ਨੇ ਬੀਤੀ ਦਿਨੀ ਇੱਕ ਬੜੇ ਹੀ ਡੰੂਘੇ ਮਾਇਨੇ ਵਾਲਾ ਟਵੀਟ ਕੀਤਾ ਸੀ। ਉਨ੍ਹਾਂ ਲਿਖਿਆ, ‘ਸਾਡੇ ਨੇਤਾਵਾਂ ਦੇ ਰਣਨੀਤਕ ਦਿਸ਼ਾ ਨਿਰਦੇਸ਼ ਦੇ ਮੁਤਾਬਕ ਇਨ੍ਹਾਂ ਦਿਨਾਂ 'ਚ ਭਾਰਤ ਤੇ ਚੀਨ ਦੇ ਰਿਸ਼ਤਿਆਂ 'ਚ ਕਾਫੀ ਤੇਜ਼ੀ ਨਾਲ ਸੁਧਾਰ ਹੋਇਆ ਹੈ। ਸਾਨੂੰ ਭਵਿੱਖ 'ਚ ਵੀ ਵੁਹਾਨ ਵਾਂਗ ਗੈਰ ਰਸਮੀ ਬੈਠਕ ਦੀਆਂ ਸੰਭਾਵਨਾਵਾਂ ਨੂੰ ਅੱਗੇ ਵਧਾਉਣਾ ਚਾਹੀਦਾ ਹੈ, ਨੇਤਾਵਾਂ ਵਿਚਾਲੇ ਬਣੀ ਸਹਿਮਤੀ ਨੂੰ ਦੂਜੇ ਇਲਾਕਿਆਂ 'ਚ ਵੀ ਲਾਗੂ ਕਰਨਾ ਚਾਹੀਦਾ ਹੈ ਤੇ ਮਜ਼ਬੂਤ ਦੋ ਪੱਖੀ ਸਬੰਧਾਂ ਲਈ ਸਕਾਰਾਤਮਕ ਊਰਜਾ ਲਈ ਸਹਿਮਤੀ ਬਣਨੀ ਚਾਹੀਦੀ ਹੈ।' ਯਾਦ ਰਹੇ ਕਿ ਦੋਵਾਂ ਨੇਤਾਵਾਂ ਦੀ ਵੁਹਾਨ ਬੈਠਕ ਤੋਂ ਬਾਅਦ ਜਾਰੀ ਪ੍ਰੈਸ ਬਿਆਨ 'ਚ ਰਣਨੀਤਕ ਦਿਸ਼ਾ ਨਿਰਦੇਸ਼ ਦੀ ਗੱਲ ਕਹੀ ਗਈ ਸੀ ਜਿਹੜੀ ਦੋਵਾਂ ਨੇ ਆਪਣੇ-ਆਪਣੇ ਫੌਜੀ ਦਸਤਿਆਂ ਨੂੰ ਦਿੱਤੀ ਸੀ।