ਨਵੀਂ ਦਿੱਲੀ, 11 ਅਗਸਤ (ਪੋਸਟ ਬਿਊਰੋ): ਦੇਸ਼ ਭਰ `ਚ ਬਿਹਾਰ ‘ਚ ਵੋਟਰ ਸੂਚੀ ਸੋਧ ਦਾ ਮਾਮਲਾ ਭਖਿਆ ਹੋਇਆ ਹੈ, ਇਸ ਮੁੱਦੇ `ਤੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਸੰਸਦ ਭਵਨ ਤੋਂ ਚੋਣ ਕਮਿਸ਼ਨ ਦਫ਼ਤਰ ਤੱਕ ਰੋਸ ਮਾਰਚ ਸ਼ੁਰੂ ਕੀਤਾ ਹੈ। ਇਸ ਦੌਰਾਨ, ਵਿਰੋਧ ਕਰ ਰਹੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੂੰ ਰੋਕਣ ਲਈ ਟਰਾਂਸਪੋਰਟ ਭਵਨ ਵਿਖੇ ਪੁਲਿਸ ਬੈਰੀਕੇਡ ਲਗਾਏ ਸਨ। ਇੱਥੇ ਉਨ੍ਹਾਂ ਨੂੰ ਚੋਣ ਕਮਿਸ਼ਨ ਦੇ ਮੁੱਖ ਦਫਤਰ ਵੱਲ ਵਧਣ ਤੋਂ ਰੋਕਿਆ ਗਿਆ।
ਪੁਲਿਸ ਦਾ ਕਹਿਣਾ ਹੈ ਕਿ ਇਸ ਮਾਰਚ ਲਈ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਵੱਲੋਂ ਕੋਈ ਇਜਾਜ਼ਤ ਨਹੀਂ ਲਈ ਗਈ ਸੀ। ਪੁਲਿਸ ਵੱਲੋਂ ਰੋਕਣ ਤੋਂ ਬਾਅਦ, ਅਖਿਲੇਸ਼ ਯਾਦਵ, ਮਹੂਆ ਮੋਇਤਰਾ ਸਮੇਤ ਕਈ ਸੰਸਦ ਮੈਂਬਰਾਂ ਨੇ ਬੈਰੀਕੇਡਾਂ ‘ਤੇ ਚੜ੍ਹਨ ਦੀ ਕੋਸਿ਼ਸ਼ ਕੀਤੀ। ਕੁਝ ਸੰਸਦ ਮੈਂਬਰ ਬੈਰੀਕੇਡਾਂ ਤੋਂ ਛਾਲ ਮਾਰ ਕੇ ਸੜਕ ਦੇ ਵਿਚਕਾਰ ਧਰਨੇ `ਤੇ ਬੈਠ ਗਏ। ਪੁਲਿਸ ਨੇ ਪ੍ਰਦਰਸ਼ਨਕਾਰੀ ਸੰਸਦ ਮੈਂਬਰਾਂ ਨੂੰ ਮਨਾਉਣ ਦੀ ਕੋਸਿ਼ਸ਼ ਕੀਤੀ, ਪਰ ਜਦੋਂ ਸੰਸਦ ਮੈਂਬਰਾਂ ਨੇ ਸੜਕ ਤੋਂ ਹਟਣ ਤੋਂ ਇਨਕਾਰ ਕਰ ਦਿੱਤਾ, ਤਾਂ ਰਾਹੁਲ-ਪ੍ਰਿਯੰਕਾ ਗਾਂਧੀ ਸਮੇਤ ਸਾਰੇ ਆਗੂਆਂ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਲਿਆ।ਬਾਅਦ ਵਿਚ ਰਿਹਾਅ ਕਰ ਦਿੱਤਾ ਗਿਆ।
ਰਾਹੁਲ ਗਾਂਧੀ ਨੇ ਕੁਝ ਗੰਭੀਰ ਸਵਾਲ ਉਠਾਏ ਹਨ, ਉਹ ਇੱਕ ਗੰਭੀਰ ਜਵਾਬ ਦੇ ਹੱਕਦਾਰ ਹਨ। ਚੋਣ ਕਮਿਸ਼ਨ ਦੀ ਨਾ ਸਿਰਫ਼ ਦੇਸ਼ ਪ੍ਰਤੀ, ਸਗੋਂ ਆਪਣੇ ਪ੍ਰਤੀ ਵੀ ਜ਼ਿੰਮੇਵਾਰੀ ਹੈ ਕਿ ਲੋਕਾਂ ਦੇ ਮਨਾਂ ‘ਚ ਸਾਡੀਆਂ ਚੋਣਾਂ ਦੀ ਭਰੋਸੇਯੋਗਤਾ ਬਾਰੇ ਕੋਈ ਸ਼ੱਕ ਨਾ ਹੋਵੇ। ਚੋਣਾਂ ਪੂਰੇ ਦੇਸ਼ ਲਈ ਮਾਇਨੇ ਰੱਖਦੀਆਂ ਹਨ। ਸਾਡਾ ਲੋਕਤੰਤਰ ਇੰਨਾ ਕੀਮਤੀ ਹੈ ਕਿ ਇਸਨੂੰ ਡੁਪਲੀਕੇਟ ਵੋਟਿੰਗ, ਮਲਟੀਪਲ ਪਤੇ ਜਾਂ ਜਾਅਲੀ ਵੋਟਾਂ ਹੋਣ ਦੇ ਸ਼ੱਕ ਨਾਲ ਖ਼ਤਰੇ ‘ਚ ਨਹੀਂ ਪਾਇਆ ਜਾ ਸਕਦਾ। ਜੇਕਰ ਲੋਕਾਂ ਦੇ ਮਨਾਂ ‘ਚ ਕੋਈ ਸ਼ੱਕ ਹੈ, ਤਾਂ ਉਹਨਾਂ ਦਾ ਹੱਲ ਕੀਤਾ ਜਾਣਾ ਚਾਹੀਦਾ ਹੈ। ਇਹਨਾਂ ਸਵਾਲਾਂ ਦੇ ਜਵਾਬ ਉਪਲਬੱਧ ਹੋ ਸਕਦੇ ਹਨ, ਪਰ ਉਹ ਜਵਾਬ ਭਰੋਸੇਯੋਗ ਹੋਣੇ ਚਾਹੀਦੇ ਹਨ। ਮੇਰੀ ਇੱਕੋ ਬੇਨਤੀ ਹੈ ਕਿ ਚੋਣ ਕਮਿਸ਼ਨ ਇਨ੍ਹਾਂ ਸਵਾਲਾਂ ਦਾ ਹੱਲ ਕਰੇ।”
ਮਿਲੀ ਜਾਣਕਾਰੀ ਮੁਤਾਬਕ ਚੋਣ ਕਮਿਸ਼ਨ ਨੇ ਕਾਂਗਰਸ ਦੇ ਸੀਨੀਅਰ ਆਗੂ ਜੈਰਾਮ ਰਮੇਸ਼ ਨੂੰ ਇੱਕ ਪੱਤਰ ਲਿਖਿਆ ਸੀ ਅਤੇ ਉਨ੍ਹਾਂ ਨੂੰ ਦੁਪਹਿਰ 12.30 ਵਜੇ ਮਿਲਣ ਲਈ ਬੁਲਾਇਆ ਸੀ। ਚੋਣ ਕਮਿਸ਼ਨ ਨੇ ਉਨ੍ਹਾਂ ਨੂੰ 30 ਸੰਸਦ ਮੈਂਬਰਾਂ ਨਾਲ ਆਉਣ ਅਤੇ ਚੋਣਾਂ ਤੋਂ ਪਹਿਲਾਂ ਉਹਨਾਂ ਸੰਸਦ ਮੈਂਬਰਾਂ ਨੂੰ ਸੂਚਿਤ ਕਰਨ ਲਈ ਕਿਹਾ ਸੀ। ਇਸ ਦੇ ਮੱਦੇਨਜ਼ਰ, ਪੁਲਿਸ ਨੇ ਪ੍ਰਦਰਸ਼ਨਕਾਰੀ ਸੰਸਦ ਮੈਂਬਰਾਂ ਨੂੰ ਕਿਹਾ ਕਿ 30 ਜਣਿਆਂ ਚੋਣ ਕਮਿਸ਼ਨ ਦਫ਼ਤਰ ਜਾ ਸਕਦੇ ਹਨ। ਇਸ ਲਈ, ਉਹ ਪੈਦਲ ਜਾਂ ਵਾਹਨ ਵਰਗੇ ਵਿਕਲਪ ਚੁਣ ਸਕਦੇ ਹਨ। ਹਾਲਾਂਕਿ, ਵਿਰੋਧੀ ਧਿਰ ਇਸ ਨਾਲ ਸਹਿਮਤ ਨਹੀਂ ਹੋਈ।
ਪੁਲਿਸ ਨੇ ਇਹ ਵੀ ਕਿਹਾ ਕਿ ਮਾਰਚ ਲਈ ਕੋਈ ਇਜਾਜ਼ਤ ਨਹੀਂ ਲਈ ਗਈ ਸੀ। ਇਸ ਤੋਂ ਪਹਿਲਾਂ, ਪੁਲਿਸ ਨੇ ਪ੍ਰਦਰਸ਼ਨਕਾਰੀ ਸੰਸਦ ਮੈਂਬਰਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਸੰਸਦ ਮਾਰਗ ‘ਤੇ ਟਰਾਂਸਪੋਰਟ ਭਵਨ ਦੇ ਨੇੜੇ ਵਿਆਪਕ ਪ੍ਰਬੰਧ ਕੀਤੇ ਸਨ। ਇਸ ਦੌਰਾਨ ਬੈਰੀਕੇਡ ਲਗਾਏ ਗਏ ਸਨ।