ਨਵੀਂ ਦਿੱਲੀ, 4 ਅਗਸਤ (ਪੋਸਟ ਬਿਊਰੋ): ਰਾਜ ਸਭਾ ਮੈਂਬਰ ਅਤੇ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਸਿ਼ਬੂ ਸੋਰੇਨ ਦਾ ਸੋਮਵਾਰ ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਨੇ ਦਿੱਲੀ ਦੇ ਸਰ ਗੰਗਾਰਾਮ ਹਸਪਤਾਲ ਵਿੱਚ ਆਖਰੀ ਸਾਹ ਲਿਆ। ਉਹ ਪਿਛਲੇ ਕੁਝ ਦਿਨਾਂ ਤੋਂ ਉੱਥੇ ਦਾਖਲ ਸਨ। ਨਿਊਰੋਲਾਜੀ, ਕਾਰਡੀਓਲਾਜੀ ਅਤੇ ਨੈਫਰੋਲਾਜੀ ਦੇ ਮਾਹਰ ਡਾਕਟਰਾਂ ਦੀ ਇੱਕ ਟੀਮ ਉਨ੍ਹਾਂ ਦਾ ਇਲਾਜ ਕਰ ਰਹੀ ਸੀ।
ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ। ਉਨ੍ਹਾਂ ਨੂੰ ਬ੍ਰੇਨ ਸਟ੍ਰੋਕ ਹੋਇਆ ਸੀ। ਇਸ ਨਾਲ ਉਨ੍ਹਾਂ ਦੇ ਸਰੀਰ ਦੇ ਖੱਬੇ ਪਾਸੇ ਅਧਰੰਗ ਹੋ ਗਿਆ ਸੀ। ਉਹ ਲੰਬੇ ਸਮੇਂ ਤੋਂ ਗੁਰਦੇ ਦੀ ਬਿਮਾਰੀ ਤੋਂ ਪੀੜਤ ਸਨ। ਉਹ ਇੱਕ ਸਾਲ ਤੋਂ ਡਾਇਲਸਿਸ `ਤੇ ਸਨ। ਉਨ੍ਹਾਂ ਨੂੰ ਸ਼ੂਗਰ ਵੀ ਸੀ। ਸਾਬਕਾ ਮੁੱਖ ਮੰਤਰੀ ਨੇ ਦਿਲ ਦੀ ਬਾਈਪਾਸ ਸਰਜਰੀ ਵੀ ਕਰਵਾਈ ਸੀ।
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਸਿ਼ਬੂ ਸੋਰੇਨ ਦੇ ਦਿਹਾਂਤ `ਤੇ ਦੁੱਖ ਪ੍ਰਗਟ ਕੀਤਾ। ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਮੁਰਮੂ ਸਿ਼ਬੂ ਸੋਰੇਨ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈ ਸਰ ਗੰਗਾਰਾਮ ਹਸਪਤਾਲ ਗਏ ਅਤੇ ਹੇਮੰਤ ਸੋਰੇਨ ਨੂੰ ਦਿਲਾਸਾ ਦਿੱਤਾ। ਉਨ੍ਹਾਂ ਕਲਪਨਾ ਸੋਰੇਨ ਨੂੰ ਵੀ ਦਿਲਾਸਾ ਦਿੱਤਾ।