ਬਰੈਂਪਟਨ, 23 ਜੁਲਾਈ (ਪੋਸਟ ਬਿਊਰੋ): ਅਮਰੀਕਾ ਦੇ ਰਾਸ਼ਟਰਪਤੀ ਟਰੰਪ ਵੱਲੋਂ ਟੈਰਿਫ਼ਾਂ ਦੀਆਂ ਨਿੱਤ ਨਵੀਆਂ ਧਮਕੀਆਂ ਦੇ ਮੱਦੇ-ਨਜ਼ਰ ਕੈਨੇਡਾ ਦੀ ਸਟੀਲ ਇੰਡਸਟਰੀ ਨੂੰ ਬਚਾਉਣ ਅਤੇ ਇਸ ਨੂੰ ਮਜ਼ਬੂਤ ਕਰਨ ਲਈ ਫ਼ੈੱਡਰਲ ਸਰਕਾਰ ਵੱਲੋਂ ਕਈ ਨਵੇਂ ਕਦਮ ਉਠਾਏ ਜਾ ਰਹੇ ਹਨ। ਇਸ ਦੇ ਬਾਰੇ ਇੰਕਸ਼ਾਫ਼ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਪਿਛਲੇ ਹਫ਼ਤੇ ਹੈਮਿਲਟਨ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਕੀਤਾ ਗਿਆ। ਕੈਨੇਡਾ ਦੇ ਕਾਮਿਆਂ ਲਈ ਇਹ ਸ਼ੁਭ-ਖ਼ਬਰ ਹੈ।
ਫ਼ੈੱਡਰਲ ਸਰਕਾਰ ਵੱਲੋਂ ਲਏ ਗਏ ਇਨ੍ਹਾਂ ਫ਼ੈਸਲਿਆਂ ਨਾਲ ਕੈਨੇਡਾ ਦੀ ਸਟੀਲ ਮਾਰਕੀਟ ਵਿੱਚ ਸਥਿਰਤਾ ਆਏਗੀ, ਨੌਕਰੀਆਂ ਬਚਣਗੀਆਂ ਅਤੇ ਕੈਨੇਡਾ ਵਿੱਚ ਤਿਆਰ ਕੀਤੀ ਜਾ ਰਹੀ ਸਟੀਲ ਨੈਸ਼ਨਲ ਇਨਫ਼ਰਾਸਟਰੱਕਚਰਅਤੇ ਹਾਊਸਿੰਗ ਪ੍ਰਾਜੈੱਕਟਾਂ ਵਿੱਚ ਪਹਿਲ ਦੇਣ ਨੂੰ ਯਕੀਨੀ ਬਣਾਏਗੀ। ਪ੍ਰਧਾਨ ਮੰਤਰੀ ਵੱਲੋਂ ਕੀਤੇ ਗਏ ਇਸ ਐਲਾਨ ਵਿੱਚ ਵਪਾਰ ਵਿੱਚ ਬੇਲੋੜੇ ਨਵੇਂ ਟੈਰਿਫਾਂ ਤੋਂ ਬਚਾਅ ਕਰਨਾ, ਵਰਕਰਾਂ ਦੀ ਸਿਖਲਾਈ ਲਈ ਵੱਡੀ ਰਕਮ ਦਾ ਨਿਵੇਸ਼ ਕਰਨਾ ਅਤੇ ਸਟੀਲਨਾਲ ਸਬੰਧਿਤ ਬਿਜ਼ਨੈੱਸਾਂ ਦੀ ਸਹਾਇਤਾ ਕਰਨਾ ਸ਼ਾਮਲ ਹੈ।
ਇਸ ਸਬੰਧੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕਿਹਾ, “ਬਰੈਂਪਟਨ ਮੈਨੂਫੈਕਚਰਿੰਗ ਅਤੇ ਉਸਾਰੀ ਨਾਲ ਜੁੜੀ ਇੰਡਸਟਰੀ ਦਾ ਘਰ ਹੈ ਜੋ ਸਥਿਰਤਾ ਅਤੇ ਮੁਕਾਬਲੇਬਾਜ਼ੀ ਵਾਲੀ ਸਟੀਲ ਇੰਡਸਟਰੀ ਨਾਲ ਸਿੱਧੇ ਤੌਰ ‘ਤੇ ਨਿਰਭਰ ਕਰਦੀ ਹੈ। ਫ਼ੈੱਡਰਲ ਸਰਕਾਰ ਵੱਲੋਂ ਇਸ ਦਿਸ਼ਾ ਵਿੱਚ ਚੁੱਕੇ ਗਏ ਇਹ ਸਾਰਥਿਕ ਕਦਮ ਸਥਾਨਕ ਨੌਕਰੀਆਂ ਨੂੰ ਬਚਾਉਣਗੇ ਅਤੇ ਛੋਟੇ ਬਿਜ਼ਨੈੱਸਾਂ ਦੀ ਸਹਾਇਤਾ ਕਰਨਗੇ ਅਤੇ ਇਸ ਗੱਲ ਨੂੰ ਯਕੀਨੀ ਬਨਾਉਣਗੇ ਕਿ ਬਰੈਂਪਟਨ ਦੇ ਵਰਕਰ ਕੈਨੇਡਾ ਦੀ ਬਣੀ ਹੋਈ ਸਟੀਲ ਨਾਲ ਕੈਨੇਡਾ ਦੇ ਉਜਲੇ ਭਵਿੱਖ ਦੀ ਉਸਾਰੀ ਕਰਨਗੇ।
ਇਸ ਫ਼ੈੱਡਰਲ ਯੋਜਨਾ ਦੇ ਮੁੱਖ ਪਹਿਲੂ ਹੇਠ ਲਿਖੇ ਹਨ :
·ਕੈਨੇਡੀਅਨ ਸਟੀਲ ਨੂੰ ਬਚਾਉਣ ਲਈ ਨਵੇਂ ਟੈਰਿਫ਼ : ਨਾਨ-ਫ਼ਰੀ ਟਰੇਡ ਐਗਰੀਮੈਂਟ ਵਾਲੇ ਦੇਸ਼ਾਂ ਲਈ ਟੈਰਿਫ਼ ਰੇਟ ਦਾ ਕੋਟਾ ਕੱਸਿਆ ਜਾਏਗਾ ਅਤੇ ਚੀਨ ਤੋਂ ਬਰਾਮਦ ਹੋਣ ਵਾਲੀ ਸਟੀਲ ਉੱਪਰ 25% ਟੈਰਿਫ਼ ਲਗਾਇਆ ਜਾਏਗਾ।
·ਵਰਕਰਾਂ ਲਈ ਸਹਾਇਤਾ : ਸਟੀਲ ਵਰਕਰਾਂ ਦੀ ਸਿਖਲਾਈ ਅਤੇ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਕਰਨ ਲਈ 10,000 ਸਟੀਲ ਕਾਮਿਆਂ ਲਈ 70 ਮਿਲੀਅਨ ਡਾਲਰ ਪੂੰਜੀ ਨਿਵੇਸ਼ ਕੀਤੀ ਜਾਏਗੀ।
·ਖੋਜ ਲਈ ਨਿਵੇਸ਼ : ਸਟੀਲ ਦੇ ਖ਼ੇਤਰ ਵਿੱਚ ਆਧੁਨਿਕ ਖੋਜ ਅਤੇ ਇਸ ਦੇ ਪਸਾਰ ਲਈ ਸਟੀਲ ਕੰਪਨੀਆਂ ਨੂੰ ‘ਸਟਰੈਟਜਿਕ ਆਈਨੋਵੇਸ਼ਨ ਫ਼ੰਡ’ ਤਹਿਤ ਇੱਕ ਬਿਲੀਅਨ ਡਾਲਰ ਰਾਸ਼ੀ ਪ੍ਰਦਾਨ ਕੀਤੀ ਜਾਏਗੀ।
·ਐੱਸ.ਐੱਮ.ਈਜ਼. ਲਈ ਸਹਾਇਤਾ :ਸਟੀਲ ਇੰਡਸਟਰੀ ਦੇ ਨਾਲ ਜੁੜੇ ਹੋਏ ਛੋਟੇ ਬਿਜ਼ਨੈੱਸਾਂ ਨੂੰ ਹੋਰ ਪ੍ਰਫੁੱਲਤ ਕਰਨ ਲਈ ਬਿਜ਼ਨੈੱਸ ਡਿਵੈੱਲਪਮੈਂਟ ਬੈਂਕ ਆਫ਼ ਕੈਨੇਡਾ ਅਤੇ ਰੀਜਨਲ ਡਿਵੈੱਲਪਮੈਂਟ ਏਜੰਸੀਆਂ ਤੱਕ ਉਨ੍ਹਾਂ ਦੀ ਪਹੁੰਚ ਵਧਾਈ ਜਾਏਗੀ।
·ਫ਼ੈੱਡਰਲ ਕੈਨੇਡੀਅਨ ਸਟੀਲ ਨੂੰ ਪ੍ਰਾਥਮਿਕਤਾ :ਪ੍ਰਾਜੈੱਕਟਾਂ ਵਿੱਚ ਨਵੇਂ ਪ੍ਰੋਕਿਓਰਮੈਂਟ ਨਿਯਮਾਂ ਅਨੁਸਾਰ ਫ਼ੈੱਡਰਲ ਸਰਕਾਰ ਦੀ ਫ਼ੰਡਿੰਗ ਵਾਲੇ ਪ੍ਰਾਜੈੱਕਟਾਂ ਲਈ ਕੈਨੇਡੀਅਨ ਸਟੀਲ ਵਰਤਣੀ ਜ਼ਰੂਰੀ ਹੋਵੇਗੀ।
ਸਰਕਾਰ ਵੱਲੋਂ ਚੁੱਕੇ ਗਏ ਇਨ੍ਹਾਂ ਸਾਰਥਿਕਕਦਮਾਂ ਨਾਲ ਬਰੈਂਪਟਨ ਦੇ ਵਰਕਰਾਂ ਅਤੇ ਬਿਜ਼ਨੈੱਸਾਂ ਨੂੰ ਕਾਫ਼ੀ ਰਾਹਤ ਮਿਲੇਗੀ ਅਤੇ ਉਹ ਵਿਸ਼ਵ ਪੱਧਰ ‘ਤੇ ਬਦਲ ਰਹੇ ਅਰਥਚਾਰੇ ਵਿੱਚ ਆਪਣਾ ਸਰਗ਼ਰਮ ਹਿੱਸਾ ਪਾਉਣਗੇ।
ਇਸ ਦੇ ਬਾਰੇ ਆਪਣਾ ਪ੍ਰਤੀਕਰਮ ਦਿੰਦਿਆਂ ਸੋਨੀਆ ਸਿੱਧੂ ਨੇ ਕਿਹਾ, “ਇਹ ਸੱਭ ਦੇਸ਼ ਦੇ ਲਚਕੀਲੇ ਅਰਥਚਾਰੇ ਨੂੰ ਹੋਰ ਅੱਗੇ ਵਧਾਉਣ ਲਈ ਜ਼ਰੂਰੀ ਹੈ, ਕਿਉਂਕਿ ਹਰੇਕ ਦੇਸ਼-ਵਾਸੀ ਲਈ ਇਹ ਬਾਖ਼ੂਬੀ ਕੰਮ ਕਰਦਾ ਹੈ। ਕੈਨੇਡਾ ਦੀ ਸਟੀਲਇੰਡਸਟਰੀ ਅਤੇ ਇਸ ਦੇ ਸੁਹਿਰਦ ਵਰਕਰਾਂ ਲਈ ਕੀਤੇ ਜਾ ਰਹੇ ਇਸ ਨਿਵੇਸ਼ ਨਾਲ ਅਸੀਂ ਬਰੈਂਪਟਨ ਅਤੇ ਸਮੁੱਚੇ ਕੈਨੇਡਾ ਨੂੰ ਮਜ਼ਬੂਤ ਕਰ ਰਹੇ ਹਾਂ।