ਬਰੈਂਪਟਨ, (ਡਾ. ਝੰਡ) – ਬਰੈਂਪਟਨ ਸ਼ਹਿਰ ਦੇ ‘ਰਾਇਲ ਲਿੰਕਸ ਸਰਕਲ’ ਵਿਚ ਪੰਜਾਬੀ ਤੇ ਕੁਝ ਗੈਰ ਪੰਜਾਬੀ 60 ਦੇ ਕਰੀਬ ਘਰਾਂ ਦੀ ਵਸੋਂ ਹੈਜਿਸ ਵਿਚ ਹਰ ਸਾਲ ਵਾਂਗ ਇਸ ਵਾਰ 27 ਜੁਲਾਈ ਨੂੰ 10ਵਾਂ ਸਾਲਾਨਾ ਪੰਜਾਬੀ ਪਰਵਾਰਾਂ ਦਾ ਸੱਭਿਆਚਾਰਕ ਸਮਾਗਮ ਕੀਤਾ ਗਿਆ। ਇਸ ਸਮਾਗਮ ਦਾ ਉਦੇਸ਼ ਸਰਕਲ ਦੇ ਸਾਰੇ ਪਰਿਵਾਰਾਂ ਵਿਚ ਪਿਆਰ ਦੀਆਂ ਸਾਝਾਂ ਸਥਾਪਤ ਕਰਨ, ਹਰ ਪਰਿਵਾਰ ਦੇ ਦੁੱਖ-ਸੁੱਖ ਵਿਚ ਸ਼ਾਮਲ ਹੋਣ ਅਤੇ ਮੇਲ-ਜੋਲ ਦੀ ਭਾਵਨਾ ਬਣਾਈ ਰੱਖਣ ਦਾ ਨਿਸ਼ਾਨਾ ਹੁੰਦਾ ਹੈ।
ਹਰ ਸਾਲ ਵਾਂਗ ਇਸ ਵਾਰ ਵੀ ਇੱਕ ਸੜਕ ‘ਤੇ ਟੈਂਟ ਲਾਏ ਗਏ ਅਤੇ ਕੁਰਸੀਆਂ-ਮੇਜ਼ ਸਜਾਏ ਗਏ। ਸਾਰੇ ਪਰਿਵਾਰਾਂ ਦੇ ਮਾਈ-ਭਾਈ ਸੁੰਦਰ ਪੁਸ਼ਾਕਾਂ ਵਿਚ, ਹੁੰਮ-ਹੁੰਮਾਕੇ ਪਹੁੰਚੇ। ਬਾਰ-ਬੀਕਿਊ ਅਤੇ ਖਾਣ ਪੀਣ ਦੇ ਬਹੁ-ਭਾਂਤੇ ਬੇਅੰਤ ਸੁਆਦਲੇ ਪਦਾਰਥਾਂ ਦਾ ਅਤੁੱਟ ਲੰਗਰ ਤਿਆਰ ਕੀਤਾ ਗਿਆ ਤੇ ਛਕਾਇਆ ਗਿਆ। ਮਨੋਰੰਜਨ ਲਈ ਸਪੀਕਰ ‘ਤੇ ਸੱਭਿਆਚਾਰਕ ਗਾਣੇ ਵੱਜਦੇ ਰਹੇ। ਪੰਜਾਬੀ ਦੇ ਪ੍ਰਸਿੱਧ ਗਾਇਕ ਉਪਕਾਰ ਸਿੰਘ ਨੇ ਆਪਣੀ ਮਿੱਠੀ, ਪਿਆਰੀ ਤੇ ਸੋਧੀ ਹੋਈ ਅਵਾਜ਼ ਦੁਆਰਾ ਗੀਤ ਤੇ ਗਜ਼ਲਾਂ ਸੁਣਾ ਕੇ ਸਰੋਤਿਆਂ ਨੂੰ ਨਿਹਾਲ ਕੀਤਾ।ਸੰਨੀ ਤੇ ਗੁਰਬਿੰਦਰ ਸਿੰਘ ਨੇ ਹਾਸਰਸ ਆਈਟਮਾਂ ਨਾਲ ਖੂਬ ਰੰਗ ਬੰਨ੍ਹਿਆਂ। ਨਿੱਕੇ-ਨਿੱਕੇ ਬੱਚਿਆਂ ਨਾਨਕ ਸਿੰਘ ਤੇ ਏਕਮ ਸਿੰਘ ਨੇ ਗੀਤ ਸੁਣਾਏ। ਪ੍ਰੋੜ-ਲੇਖਕ ਪੂਰਨ ਸਿੰਘ ਪਾਂਧੀ ਵੱਲੋਂ ਇਸ ਮੌਕੇ ਆਪਣੇ ਵਿਚਾਰ ਪ੍ਰਗਟ ਕੀਤੇ ਗਏ। ਪੰਜਾਬ ਦੇ ਪ੍ਰਸਿੱਧ ਲੀਡਰ, ਸਾਬਕਾ ਸਰਪੰਚ ਅਤੇ ਜਿ਼ਲੇ ਦੇ ਮਹਿਬੂਬ ਚੇਅਰਮੈਨ ਹਰਨੇਕ ਸਿੰਘ ਔਜਲਾ ਨੇ ਸਟੇਜ-ਸੈਕਟਰੀ ਦੀ ਅਹਿਮ ਜ਼ਿੰਮੇਵਾਰੀ ਪੂਰੀ ਲਿਆਕਤ ਨਾਲ਼ ਨਿਭਾਈ।
ਸਮਾਗਮ ਦੇ ਸੁਘੜ ਸੁਜਾਨ ਮੁੱਖ-ਸੇਵਾਦਾਰ ਧਰਮਪਾਲ ਸਿੰਘ ਸੰਧੂ ਦੀ ਸੁਚੱਜੀ ਅਗਵਾਈ ਵਿਚ ਜਿਨ੍ਹਾਂ ਹਸਤੀਆਂ ਨੇ ਸਮਾਗ਼ਮ ਨੂੰ ਸੁਆਦਲਾ ਤੇ ਰੋਚਕ ਬਨਾਉਣ ਲਈਤਨ ਮਨ ਤੇ ਧਨ ਦੁਆਰਾਪੂਰੀ ਲਗਨ ਤੇ ਮਿਹਨਤ ਨਾਲਆਪਣੇ ਹੱਥੀਂ ਸੇਵਾ ਕੀਤੀ, ਉਹ ਹਨ: ਹਰਿੰਦਰ ਸਿੰਘ, ਨਵਤੇਜ ਸਿੰਘ, ਕੁਲਦੀਪ ਸਿੰਘ ਬਰਾੜ, ਬਲਵਿੰਦਰ ਸਿੰਘ ਹੇਅਰ, ਜਸਵਿੰਦਰ ਸਿੰਘ ਬੋਪਾਰਾਇ. ਸੋਹਨ ਸਿੰਘ ਢੀਂਡਸਾ, ਬਲਵਿੰਦਰ ਸਿੰਘ ਸਹੋਤਾ ਤੇ ਕਈ ਹੋਰਜਿੰਨ੍ਹਾ ਨੇ ਇਸ ਮਹਾਨ ਯੱਗ ਦੀ ਸੇਵਾ ਵਿਚ ਯੋਗ ਦਾਨ ਪਾਇਆ। ਸਵੇਰੇ ਦਸ ਵਜੇ ਤੋਂ ਸ਼ਾਮ ਪੰਜ ਵਜੇ ਤੱਕ ਸਮਾਗ਼ਮ ਵਿੱਚ ਰੰਗੀਲਾ, ਨਸ਼ੀਲਾ ਤੇ ਮਹਿਕਦਾ ਮਾਹੌਲ ਬਣਿਆਂ ਰਿਹਾ।
ਇਸ ਸਲਾਨਾ ਸਮਾਗਮ ਦੀ ਸੱਭ ਤੋਂ ਵਿਸ਼ੇਸ਼ ਗੱਲ ਇਹ ਹੁੰਦੀ ਹੈ:
1. ਸਮਾਗਮ ਦੇ ਖ਼ਰਚ ਲਈ ਕਦੇ ਕੋਈ ਉਗਰਾਹੀ ਨਹੀਂ ਕੀਤੀ ਜਾਂਦੀ ਅਤੇ ਦਾਨੀ ਪਰਿਵਾਰ ਆਪਣੇ ਆਪ ਮਾਇਆ ਅਰਪਣ ਕਰਦੇ ਹਨ।
2. ਸਮਾਗ਼ਮ ਵਿੱਚ ‘ਪੁੰਗਰਦੀ ਪਨੀਰੀ’(ਬੱਚਿਆਂ) ਨੂੰ ਪੰਜਾਬੀ ਸੱਭਿਆਚਾਰ ਨਾਲ਼ ਜੁੜੇ ਰਹਿਣ ਲਈਕਿਸੇ ਵੀ ਪੰਜਾਬੀ ਰਚਨਾ ਦੀ ਪੇਸ਼ਕਾਰੀ ਲਈਉਤਸ਼ਾਹਤ ਕੀਤਾ ਜਾਂਦਾ ਅਤੇ ਇਨਾਮ ਦਿੱਤੇ ਜਾਂਦੇ ਹਨ।
3. ਸਮਾਗ਼ਮ ਦੇ ਅੰਤ‘ਤੇ ਬੀਬੀਆਂ ਗਿੱਧਾਂ ਪਾਉਂਦੀਆਂ ਅਤੇ ਤੀਆਂ ਵਰਗਾ ਰੰਗ ਬੰਨ੍ਹਦੀਆਂ ਹਨ।
4. ਸਮਾਗਮ ਦੌਰਾਨ ਹਰ ਪ੍ਰਕਾਰ ਦੇ ਨਸ਼ੇ-ਪੱਤੇ ਦੀ ਵਰਤੋਂ ਕਰਨ ‘ਤੇ ਮੁਕੰਮਲ ਪਾਬੰਦੀ ਹੁੰਦੀ ਹੈ।