ਟੋਰਾਂਟੋ, 21 ਜੁਲਾਈ (ਪੋਸਟ ਬਿਊਰੋ): ਬੀਤੇ ਵੀਰਵਾਰ ਨੌਰਥ ਯੌਰਕ ਪਾਰਕਿੰਗ ਲਾਟ ਵਿੱਚ ਇੱਕ ਔਰਤ ਦਾ ਚਾਕੂ ਨਾਲ ਹਮਲਾ ਕਰਕੇ ਕਤਲ ਕਰਨ ਦੇ ਮਾਮਲੇ ਵਿੱਚ ਇੱਕ 14 ਸਾਲਾ ਲੜਕੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਟੋਰਾਂਟੋ ਪੁਲਿਸ ਨੇ ਕਿਹਾ ਕਿ ਕਈ ਪੁਲਿਸ ਯੂਨਿਟਾਂ ਵੱਲੋਂ ਤਾਲਮੇਲ ਕੀਤੇ ਯਤਨਾਂ ਤੋਂ ਬਾਅਦ, ਨਾਬਾਲਗ ਨੂੰ ਐਤਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸ 'ਤੇ ਸੈਕਿੰਡ ਡਿਗਰੀ ਕਤਲ ਦਾ ਦੋਸ਼ ਲਾਇਆ ਗਿਆ ਸੀ। ਉਹ ਟੋਰਾਂਟੋ ਦੀ 71 ਸਾਲਾ ਸ਼ਹਿਨਾਜ਼ ਪੇਸਟਨਜੀ 'ਤੇ ਵੀਰਵਾਰ ਨੂੰ ਸਵੇਰੇ ਕਰੀਬ ਸਾਢੇ 9 ਵਜੇ ਪਾਰਕਵੇਅ ਫੋਰੈਸਟ ਡਰਾਈਵ ਅਤੇ ਸ਼ੇਪਾਰਡ ਐਵੇਨਿਊ ਈ ਦੇ ਖੇਤਰ ਵਿੱਚ ਚਾਕੂ ਨਾਲ ਹਮਲਾ ਕਰਨ ਦੇ ਮਾਮਲੇ ਵਿਚ ਲੋੜੀਂਦਾ ਸੀ।
ਪੁਲਿਸ ਨੇ ਕਿਹਾ ਕਿ ਪੇਸਟਨਜੀ ਆਪਣੀ ਕਾਰ ਵਿੱਚ ਕਰਿਆਨੇ ਦਾ ਸਮਾਨ ਲੋਡ ਕਰ ਰਹੀ ਸੀ ਜਦੋਂ ਉਸ 'ਤੇ ਹਮਲਾ ਕੀਤਾ ਗਿਆ। ਜਦੋਂ ਅਧਿਕਾਰੀ ਪਹੁੰਚੇ, ਤਾਂ ਪੁਲਸ ਨੇ ਦੇਖਿਆ ਕਿ ਉਸ ‘ਤੇ ਚਾਕੂਆਂ ਨਾਲ ਹਮਲਾ ਕੀਤਾ ਗਿਆ ਸੀ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ। ਪੁਲਿਸ ਨੇ ਕਿਹਾ ਕਿ ਇਹ ਘਟਨਾ ਇੱਕ ਡਕੈਤੀ ਸੀ ਜੋ ਇੱਕ ਘਾਤਕ ਹਮਲੇ ਵਿੱਚ ਬਦਲ ਗਈ।