ਨੰਦਿਤਾ ਦਾਸ ਪਿਛਲੇ ਦਿਨੀਂ ਰਿਲੀਜ਼ ਹੋਈ ‘ਮੰਟੋ’ ਫਿਲਮ ਦੀ ਸਫਲਤਾ ਨੂੰ ਲੈ ਕੇ ਕਾਫੀ ਖੁਸ਼ ਹੈ। ਉਹ ਨਾ ਸਿਰਫ ਇੱਕ ਚੰਗੀ ਅਭਿਨੇਤਰੀ ਹੈ, ਸਗੋਂ ਫਿਲਮਾਂ ਅਤੇ ਕਿਰਦਾਰਾਂ ਰਾਹੀਂ ਵੱਖ-ਵੱਖ ਸਮਾਜਕ ਮੁੱਦਿਆਂ ਨੂੰ ਉਭਾਰ ਕੇ ਲੋਕਾਂ ਸਾਹਮਣੇ ਲਿਆਉਂਦੀ ਹੈ।
ਜਦੋਂ ਨੰਦਿਤਾ ਨੂੰ ਫਿਲਮ ‘ਮੰਟੋ’ ਬਾਰੇ ਪੁੱਛਿਆ ਤਾਂ ਉਸ ਦਾ ਕਹਿਣਾ ਸੀ ਕਿ ਇਸ ਫਿਲਮ ਨੂੰ ਪਰਦੇ 'ਤੇ ਲਿਆਉਣ ਵਿੱਚ ਇਸ ਦੀ ਸਕ੍ਰਿਪਟ ਲਿਖਣ ਵਿੱਚ ਮੈਨੂੰ ਛੇ ਸਾਲ ਦਾ ਸਮਾਂ ਲੱਗ ਗਿਆ। ਮੰਟੋ ਆਪਣੇ ਜ਼ਮਾਨੇ ਦੇ ਬਹੁਤ ਹੀ ਆਧੁਨਿਕ ਵਿਚਾਰਾਂ ਵਾਲੇ ਈਮਾਨਦਾਰ ਵਿਅਕਤੀ ਸਨ। ਉਨ੍ਹਾਂ ਨੇ ਉਸ ਸਮੇਂ ਜੋ ਕੁਝ ਲਿਖਿਆ ਅਤੇ ਸੋਚਿਆ, ਉਹ ਅੱਜ ਦੇ ਸਮੇਂ 'ਚ ਵੀ ਅਰਥ ਰੱਖਦਾ ਹੈ। ਇਸ ਫਿਲਮ ਦੀ ਰੀਸਰਚ ਕਰਦੇ ਸਮੇਂ ਅਸੀਂ ਉਨ੍ਹਾਂ ਦੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਵੀ ਮਿਲੇ। ਜਦੋਂ ਕਦੇ ਮੈਂ ਲਿਖਣ ਬੈਠਦੀ ਸੀ ਤਾਂ ਮੈਨੂੰ ਸਮਝ ਨਹੀਂ ਸੀ ਆ ਰਿਹਾ ਕਿ ਕੀ ਲਿਖਾਂ ਅਤੇ ਕੀ ਛੱਡ ਦਿਆਂ। ਮੇਰੇ ਲਈ ਇਸ ਬਾਰੇ ਫੈਸਲਾ ਕਰਨਾ ਬਹੁਤ ਮੁਸ਼ਕਲ ਸੀ।