ਕੋਪਨਹੇਗਨ, 15 ਜੂਨ (ਪੋਸਟ ਬਿਊਰੋ): ਇਕ ਪਾਸੇ ਜਿੱਥੇ ਪੱਛਮੀ ਦੇਸ਼ਾਂ ਵਿਚ ਖੁਸ਼ੀ ਘਟਦੀ ਜਾ ਰਹੀ ਹੈ ਉੱਥੇ ਡੈਨਮਾਰਕ ਹਰ ਸਾਲ ਦੁਨੀਆਂ ਦੇ ਸਭ ਤੋਂ ਖੁਸ਼ਹਾਲ ਦੇਸ਼ਾਂ ਦੀ ਸੂਚੀ ਵਿੱਚ ਸਭ ਤੋਂ ਉੱਪਰ ਹੁੰਦਾ ਹੈ। ਇਸਦਾ ਇੱਕ ਕਾਰਨ ਇਸਦੇ ਸਖ਼ਤ ਪ੍ਰਵਾਸ ਨਿਯਮ ਹਨ। ਦਰਅਸਲ 2015 ਵਿੱਚ ਯੂਰਪ ਵਿੱਚ ਸ਼ਰਨਾਰਥੀ ਸੰਕਟ ਦੌਰਾਨ 21 ਹਜ਼ਾਰ ਸ਼ਰਨਾਰਥੀ ਡੈਨਮਾਰਕ ਆਏ ਸਨ। ਫਿਰ ਲੋਕਾਂ ਨੂੰ ਡਰ ਸੀ ਕਿ ਇਹ ਪ੍ਰਵਾਸੀ ਉਨ੍ਹਾਂ ਦੇ ਦੇਸ਼ ਦੀ ਭਲਾਈ ਪ੍ਰਣਾਲੀ 'ਤੇ ਬੋਝ ਪਾ ਸਕਦੇ ਹਨ। ਇਸ ਤੋਂ ਬਾਅਦ ਡੈਨਮਾਰਕ ਨੇ ਪ੍ਰਵਾਸ ਸੰਬੰਧੀ ਸਖ਼ਤ ਨੀਤੀਆਂ ਅਪਣਾਈਆਂ ਜਿਵੇਂ ਕਿ ਬੁਰਕੇ 'ਤੇ ਪਾਬੰਦੀ ਅਤੇ ਪ੍ਰਵਾਸੀਆਂ ਲਈ ਡੈਨਿਸ਼ ਭਾਸ਼ਾ ਦੀ ਲਾਜ਼ਮੀ ਸਿੱਖਿਆ। ਸਾਲ 2018 ਵਿੱਚ 'ਐਂਟੀ-ਗੇਟੋ ਲਾਅ' ਲਿਆਂਦਾ ਗਿਆ, ਜਿਸਦਾ ਉਦੇਸ਼ ਕੁਝ ਖੇਤਰਾਂ ਵਿੱਚ ਵਿਦੇਸ਼ੀਆਂ ਨੂੰ 30 ਫੀਸਦੀ ਤੋਂ ਘੱਟ ਕਰਨਾ ਸੀ। ਡੈਨਿਸ਼ ਪ੍ਰਧਾਨ ਮੰਤਰੀ ਮੇਟੇ ਫਰੈਡਰਿਕਸਨ ਦੀ ਸਰਕਾਰ ਨੇ ਸ਼ਰਨਾਰਥੀ ਅਰਜ਼ੀਆਂ ਨੂੰ 90% ਘਟਾ ਦਿੱਤਾ ਹੈ। ਇਸਦਾ ਉਦੇਸ਼ ਕੱਟੜਪੰਥੀ ਸੱਜੇ-ਪੱਖੀ ਪਾਰਟੀਆਂ ਦੇ ਵਾਧੇ ਨੂੰ ਰੋਕਣਾ ਹੈ।
ਡੈਨਮਾਰਕ ਦੀ ਖੁਸ਼ਹਾਲੀ ਦਾ ਕਾਰਨ ਮੁਫ਼ਤ ਸਿਹਤ ਸੰਭਾਲ, ਮੁਫ਼ਤ ਉੱਚ ਸਿੱਖਿਆ ਅਤੇ ਬਜ਼ੁਰਗਾਂ ਲਈ ਘਰ ਦੀ ਦੇਖਭਾਲ ਵਰਗੀਆਂ ਸਹੂਲਤਾਂ ਕਾਰਨ ਹੈ। ਡੈਨਮਾਰਕ ਵਿੱਚ ਟੈਕਸ ਬਹੁਤ ਜਿ਼ਆਦਾ ਹਨ, ਪਰ ਲੋਕ ਉਨ੍ਹਾਂ ਨੂੰ ਖੁਸ਼ੀ ਨਾਲ ਅਦਾ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਸਰਕਾਰ ਉਨ੍ਹਾਂ ਦੇ ਪੈਸੇ ਸਹੀ ਤਰੀਕੇ ਨਾਲ ਖਰਚ ਕਰ ਰਹੀ ਹੈ। ਭ੍ਰਿਸ਼ਟਾਚਾਰ ਬਹੁਤ ਘੱਟ ਹੈ ਅਤੇ ਸਰਕਾਰੀ ਪ੍ਰਣਾਲੀ ਵਿੱਚ ਪਾਰਦਰਸ਼ਤਾ ਹੈ। ਡੈਨਿਸ਼ ਸਮਾਜ ਵਿੱਚ ਵਿਸ਼ਵਾਸ ਇੱਕ ਡੂੰਘੀ ਜੜ੍ਹ ਹੈ। ਇੱਥੇ ਬੱਚੇ 8-9 ਸਾਲ ਦੀ ਉਮਰ ਵਿੱਚ ਜਨਤਕ ਆਵਾਜਾਈ 'ਤੇ ਇਕੱਲੇ ਯਾਤਰਾ ਕਰਦੇ ਹਨ। ਸਕੂਲਾਂ ਵਿੱਚ ਬੱਚਿਆਂ ਨੂੰ ਗਣਿਤ ਅਤੇ ਭਾਸ਼ਾ ਦੇ ਨਾਲ-ਨਾਲ ਸਮਾਜਿਕ ਨਿਯਮ ਵੀ ਸਿਖਾਏ ਜਾਂਦੇ ਹਨ, ਜਿਵੇਂ ਕਿ ਵਾਰੀ-ਵਾਰੀ ਕੰਮ ਕਰਨਾ ਅਤੇ ਦੂਜਿਆਂ ਦੀ ਮਦਦ ਕਰਨਾ।