ਸ੍ਰੀਨਗਰ, 6 ਮਈ (ਪੋਸਟ ਬਿਊਰੋ): ਕਸ਼ਮੀਰ ਦੇ ਅਨੰਤਨਾਗ ਜਿ਼ਲ੍ਹੇ ਵਿੱਚ ਅਮਰਨਾਥ ਦੀ ਪਵਿੱਤਰ ਗੁਫਾ ਤੋਂ ਬਾਬਾ ਬਰਫਾਨੀ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ। ਇਸ ਵਾਰ ਬਰਫ਼ ਨਾਲ ਬਣਿਆ ਸਿ਼ਵਲਿੰਗ ਲਗਭਗ 7 ਫੁੱਟ ਉੱਚਾ ਹੈ।
ਇਸ ਸਿ਼ਵਲਿੰਗ ਦੇ ਦਰਸ਼ਨਾਂ ਲਈ ਦੇਸ਼ ਭਰ ਤੋਂ ਲੱਖਾਂ ਲੋਕ ਅਮਰਨਾਥ ਆਉਂਦੇ ਹਨ। ਇਹ ਯਾਤਰਾ 3 ਜੁਲਾਈ ਤੋਂ ਸ਼ੁਰੂ ਹੋਵੇਗੀ ਅਤੇ ਲਗਭਗ 38 ਦਿਨ ਚੱਲੇਗੀ। ਇਹ 9 ਅਗਸਤ ਨੂੰ ਰੱਖੜੀ ਵਾਲੇ ਦਿਨ ਛੜੀ ਮੁਬਾਰਕ ਨਾਲ ਸੰਪੂਰਨ ਹੋਵੇਗਾ।ਯਾਤਰਾ ਲਈ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ। ਜ਼ਰੂਰੀ ਮੈਡੀਕਲ ਸਰਟੀਫਿਕੇਟ ਪ੍ਰਾਪਤ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। 13 ਤੋਂ 70 ਸਾਲ ਦੀ ਉਮਰ ਦੇ ਭਾਰਤੀ ਅਮਰਨਾਥ ਯਾਤਰਾ ਕਰ ਸਕਦੇ ਹਨ।
22 ਅਪ੍ਰੈਲ ਨੂੰ ਹੋਏ ਪਹਿਲਗਾਮ ਅੱਤਵਾਦੀ ਹਮਲੇ ਦਾ ਅਮਰਨਾਥ ਯਾਤਰਾ ਲਈ ਰਜਿਸਟ੍ਰੇਸ਼ਨ `ਤੇ ਕੋਈ ਅਸਰ ਨਹੀਂ ਪਿਆ ਜਾਪਦਾ। ਹੁਣ ਤੱਕ ਪਿਛਲੇ ਸਾਲ ਦੇ ਮੁਕਾਬਲੇ 20% ਵੱਧ ਰਜਿਸਟ੍ਰੇਸ਼ਨਾਂ ਹੋਈਆਂ ਹਨ।15 ਅਪ੍ਰੈਲ ਤੋਂ ਲਗਭਗ 3.50 ਲੱਖ ਸ਼ਰਧਾਲੂਆਂ ਨੇ ਅਮਰਨਾਥ ਯਾਤਰਾ ਲਈ ਔਫਲਾਈਨ ਅਤੇ ਔਨਲਾਈਨ ਮੋਡ ਰਾਹੀਂ ਪਹਿਲਾਂ ਤੋਂ ਰਜਿਸਟ੍ਰੇਸ਼ਨ ਕਰਵਾਈ ਹੈ।
ਸ਼ਰਾਈਨ ਬੋਰਡ ਨੇ ਈ-ਕੇਵਾਈਸੀ, ਆਰਐਫਆਈਡੀ ਕਾਰਡ, ਮੌਕੇ ‘ਤੇ ਰਜਿਸਟ੍ਰੇਸ਼ਨ ਅਤੇ ਹੋਰ ਪ੍ਰਬੰਧਾਂ ਵਿੱਚ ਸੁਧਾਰ ਕਰਨ ਦਾ ਵੀ ਫੈਸਲਾ ਕੀਤਾ ਹੈ ਤਾਂ ਜੋ ਯਾਤਰਾ ਨੂੰ ਹੋਰ ਸੁਚਾਰੂ ਅਤੇ ਸੁਰੱਖਿਅਤ ਬਣਾਇਆ ਜਾ ਸਕੇ।ਬੋਰਡ ਦਾ ਕਹਿਣਾ ਹੈ ਕਿ ਇਸ ਵਾਰ ਪਿਛਲੀ ਵਾਰ ਨਾਲੋਂ ਜ਼ਿਆਦਾ ਸ਼ਰਧਾਲੂ ਆ ਸਕਦੇ ਹਨ, ਇਸ ਲਈ ਜੰਮੂ, ਸ਼੍ਰੀਨਗਰ, ਬਾਲਟਾਲ, ਪਹਿਲਗਾਮ, ਨੂਨਵਾਨ ਅਤੇ ਪੰਥਾ ਚੌਕ ਵਿਖੇ ਠਹਿਰਨ ਅਤੇ ਰਜਿਸਟ੍ਰੇਸ਼ਨ ਦੇ ਪ੍ਰਬੰਧ ਵੀ ਕੀਤੇ ਜਾ ਰਹੇ ਹਨ।