ਟੋਰਾਂਟੋ, 4 ਮਈ (ਪੋਸਟ ਬਿਊਰੋ): ਨਾਬਾਲਿਗਾ ਨੂੰ ਬੰਦੀ ਬਣਾ ਕੇ ਜਿਣਸੀ ਸ਼ੋਸ਼ਣ ਕਰਨ ਦੇ ਮਾਮਲੇ ਵਿਚ ਇਕ 30 ਸਾਲਾ ਅਜੈਕਸ ਦੇ ਇੱਕ ਵਿਅਕਤੀ 'ਤੇ ਦੋਸ਼ ਲਾਇਆ ਗਿਆ ਹੈ। ਡਰਹਮ ਪੁਲਿਸ ਦਾ ਕਹਿਣਾ ਹੈ ਕਿ ਹੈਮਿਲਟਨ ਪੁਲਿਸ ਸੇਵਾ ਵੱਲੋਂ ਜਾਣਕਾਰੀ ਮਿਲਣ ਤੋਂ ਬਾਅਦ ਇਸ ਹਫ਼ਤੇ ਦੇ ਸ਼ੁਰੂ ਵਿੱਚ ਬੁੱਧਵਾਰ ਨੂੰ ਜਾਂਚ ਸ਼ੁਰੂ ਹੋਈ ਸੀ। ਅਧਿਕਾਰੀਆਂ ਦਾ ਦੋਸ਼ ਹੈ ਕਿ ਪੀੜਤਾ ਨਾਲ ਜਿਣਸੀ ਸ਼ੋਸ਼ਣ ਕੀਤਾ ਗਿਆ ਸੀ ਅਤੇ ਜ਼ਬਰਦਸਤੀ ਅਜੈਕਸ ਖੇਤਰ ਵਿੱਚ ਬੰਦ ਕਰ ਦਿੱਤਾ ਗਿਆ ਸੀ। ਮੁਲਜ਼ਮ ਦੀ ਪਛਾਣ ਗੌਰੀਸ਼ੰਕਰ ਕਥੀਰਕਮਨਾਥਨ ਵਜੋਂ ਹੋਈ ਹੈ, ਜਿਸਨੂੰ ਸ਼ੁੱਕਰਵਾਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਕਥੀਰਕਮਨਾਥਨ 'ਤੇ ਜਿਣਸੀ ਹਮਲੇ ਅਤੇ ਜਿਣਸੀ ਦਖਲਅੰਦਾਜ਼ੀ ਦੇ ਪੰਜ-ਪੰਜ ਚਾਰਜਿਜ਼ ਲਾਏ ਗਏ ਹਨ, ਇਸ ਤੋਂ ਇਲਾਵਾ ਜ਼ਬਰਦਸਤੀ ਬੰਧਕ ਬਣਾਉਣਾ, ਧਮਕੀਆਂ ਦੇਣਾ, ਹਮਲਾ ਕਰਨਾ ਅਤੇ ਵਿਰੋਧ ਨੂੰ ਦੂਰ ਕਰਨ ਲਈ ਨਸ਼ੀਲੇ ਪਦਾਰਥ ਦੇਣ ਦੇ ਦੋ ਦੋਸ਼ ਵੀ ਲੱਗੇ ਹਨ। ਇਹ ਵੀ ਗੱਲ ਸਾਹਮਣੇ ਆਈ ਹੈ ਕਿ ਪੀੜਤ ਅਤੇ ਮੁਲਜ਼ਮ ਇੱਕ ਦੂਜੇ ਨੂੰ ਜਾਣਦੇ ਸਨ, ਹਾਲਾਂਕਿ ਪੁਲਿਸ ਨੇ ਹੋਰ ਵੇਰਵੇ ਨਹੀਂ ਦੱਸੇ। ਪੁਲਿਸ ਨੇ ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ ਸਪੈਸ਼ਲ ਵਿਕਟਿਮਜ਼ ਯੂਨਿਟ ਦੇ ਡਿਟੈਕਟਿਵ ਫਿਟਜ਼ਗੇਰਾਲਡ ਨਾਲ 1-888-579-1520, ਐਕਸਟੈਂਸ਼ਨ 5316 'ਤੇ ਸੰਪਰਕ ਕਰਨ ਦੀ ਅਪੀਲ ਕੀਤੀ ਹੈ।