ਨਵੀਂ ਦਿੱਲੀ, 5 ਮਾਰਚ (ਪੋਸਟ ਬਿਊਰੋ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਦਿਨ ਬੈਲਜੀਅਮ ਦੀ ਰਾਜਕੁਮਾਰੀ ਐਸਟ੍ਰਿਡ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਉਹ ਵਪਾਰ, ਟੈਕਨਾਲੋਜੀ, ਰੱਖਿਆ ਅਤੇ ਖੇਤੀਬਾੜੀ ਵਿੱਚ ਨਵੀਂ ਭਾਈਵਾਲੀ ਰਾਹੀਂ ਦੋਨਾਂ ਦੇਸ਼ਾਂ ਦੇ ਲੋਕਾਂ ਲਈ ਅਥਾਹ ਮੌਕੇ ਖੁੱਲ੍ਹਣ ਦੀ ਉਮੀਦ ਕਰਦੇ ਹਨ।
ਰਾਜਕੁਮਾਰੀ ਐਸਟ੍ਰਿਡ ਭਾਰਤ ਵਿੱਚ ਇੱਕ ਆਰਥਿਕ ਮਿਸ਼ਨ ਦੀ ਅਗਵਾਈ ਕਰ ਰਹੇ ਹਨ ਜਿਸ ਵਿੱਚ ਸੀਨੀਅਰ ਮੰਤਰੀ ਅਤੇ ਕਾਰੋਬਾਰੀ ਸ਼ਾਮਿਲ ਹਨ। ਪ੍ਰਧਾਨ ਮੰਤਰੀ ਨੇ ਇਸ ਦੌਰਾਨ ਭਾਰਤ ਵਿੱਚ ਇਸ ਮਿਸ਼ਨ ਦੀ ਅਗਵਾਈ ਕਰਨ ਲਈ ਐਸਟ੍ਰਿਡ ਦੇ ਉੱਦਮ ਦੀ ਪ੍ਰਸ਼ੰਸਾ ਕੀਤੀ। ਮੋਦੀ ਨੇ ‘ਐਕਸ’ `ਤੇ ਲਿਖਿਆ ਕਿ ਬੈਲਜੀਅਮ ਦੀ ਰਾਜਕੁਮਾਰੀ ਐਸਟ੍ਰਿਡ ਨੂੰ ਮਿਲ ਕੇ ਖੁਸ਼ੀ ਹੋਈ। ਮੈਂ ਭਾਰਤ ਵਿੱਚ 300 ਮੈਂਬਰੀ ਆਰਥਿਕ ਮਿਸ਼ਨ ਦੀ ਅਗਵਾਈ ਕਰਨ ਦੇ ਉਨ੍ਹਾਂ ਦੇ ਉੱਦਮ ਦੀ ਪ੍ਰਸ਼ੰਸਾ ਕਰਦਾ ਹਾਂ। ਅਸੀਂ ਵਪਾਰ, ਤਕਨਾਲੋਜੀ, ਰੱਖਿਆ, ਖੇਤੀਬਾੜੀ, ਜੀਵ ਵਿਗਿਆਨ, ਨਵੀਨਤਾ, ਹੁਨਰ ਅਤੇ ਵਿਦਿਅਕ ਆਦਾਨ-ਪ੍ਰਦਾਨ ਵਿੱਚ ਨਵੀ ਭਾਈਵਾਲੀ ਰਾਹੀਂ ਆਪਣੇ ਲੋਕਾਂ ਲਈ ਅਥਾਹ ਮੌਕੇ ਖੋਲ੍ਹਣ ਲਈ ਉਤਸ਼ਾਹਿਤ ਹਾਂ।