ਨਵੀਂ ਦਿੱਲੀ, 13 ਫਰਵਰੀ (ਪੋਸਟ ਬਿਊਰੋ): ਅੱਜ ਸੰਸਦ ਦੇ ਬਜਟ ਸੈਸ਼ਨ ਦੇ ਪਹਿਲੇ ਪੜਾਅ ਦਾ ਆਖਰੀ ਕੰਮਕਾਜੀ ਦਿਨ ਸੀ . ਵਕਫ਼ ਬਿੱਲ ‘ਤੇ ਜੇਪੀਸੀ ਰਿਪੋਰਟ ਲੋਕ ਸਭਾ ਅਤੇ ਰਾਜ ਸਭਾ ‘ਚ ਪੇਸ਼ ਕੀਤੀ ਗਈ। ਹੰਗਾਮੇ ਕਾਰਨ ਦੋਵਾਂ ਸਦਨਾਂ ਦੀ ਕਾਰਵਾਈ ‘ਚ ਵਿਘਨ ਪਿਆ। ਜਿਸਦੇ ਚੱਲਦੇ ਲੋਕ ਸਭਾ ਦੀ ਕਾਰਵਾਈ 2 ਵਜੇ ਤੱਕ ਮੁਲਤਵੀ ਕਰਨ ਤੋਂ ਬਾਅਦ ਮੁੜ ਸ਼ੁਰੂ ਹੋਈ।
ਇਸ ਤੋਂ ਬਾਅਦ ਭਾਜਪਾ ਸੰਸਦ ਮੈਂਬਰ ਜਗਦੰਬਿਕਾ ਪਾਲ ਨੇ ਵਕਫ਼ ਬਿੱਲ ‘ਤੇ ਜੇਪੀਸੀ ਰਿਪੋਰਟ ਸਦਨ ‘ਚ ਪੇਸ਼ ਕੀਤੀ। 18 ਮਿੰਟ ਦੀ ਸੰਖੇਪ ਕਾਰਵਾਈ ਤੋਂ ਬਾਅਦ, ਸਪੀਕਰ ਓਮ ਬਿਰਲਾ ਨੇ ਸਦਨ ਨੂੰ 10 ਮਾਰਚ ਤੱਕ ਮੁਲਤਵੀ ਕਰ ਦਿੱਤਾ।
ਸਪੀਕਰ ਓਮ ਬਿਰਲਾ ਨੇ ਸੰਸਦ ਦੇ ਬਜਟ ਸੈਸ਼ਨ ਦੌਰਾਨ ਕਾਰਵਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ‘ਚ ਸਹਿਯੋਗ ਦੇਣ ਲਈ ਸੰਸਦ ਮੈਂਬਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸੰਸਦ ਮੈਂਬਰਾਂ ਨੇ ਰਾਸ਼ਟਰਪਤੀ ਦੇ ਭਾਸ਼ਣ ‘ਤੇ ਲਿਆਂਦੇ ਗਏ ਧੰਨਵਾਦ ਮਤੇ ‘ਤੇ ਵੀ ਵਿਸਥਾਰ ਨਾਲ ਚਰਚਾ ਕੀਤੀ। ਸਪੀਕਰ ਓਮ ਬਿਰਲਾ ਨੇ ਕਿਹਾ ਕਿ ਧੰਨਵਾਦ ਪ੍ਰਸਤਾਵ ‘ਤੇ 17 ਘੰਟਿਆਂ ਤੋਂ ਵੱਧ ਸਮੇਂ ਤੱਕ ਅਰਥਪੂਰਨ ਚਰਚਾ ਹੋਈ, ਜਦੋਂ ਕਿ ਆਮ ਬਜਟ ‘ਤੇ 16 ਘੰਟਿਆਂ ਤੋਂ ਵੱਧ ਸਮੇਂ ਤੱਕ ਅਰਥਪੂਰਨ ਚਰਚਾ ਹੋਈ। ਸਪੀਕਰ ਓਮ ਬਿਰਲਾ ਦੇ ਸੰਖੇਪ ਬਿਆਨ ਤੋਂ ਬਾਅਦ, ਲੋਕ ਸਭਾ ਦੀ ਕਾਰਵਾਈ 10 ਮਾਰਚ ਤੱਕ ਮੁਲਤਵੀ ਕਰ ਦਿੱਤੀ ਗਈ।
ਇਸ ਮੌਕੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਲੋਕ ਸਭਾ ‘ਚ ਆਮਦਨ ਕਰ ਕਾਨੂੰਨ ਸੋਧ ਬਿੱਲ ਪੇਸ਼ ਕੀਤਾ। ਇਸ ਸਮੇਂ ਵੀ ਸਦਨ ਵਿੱਚ ਨਾਅਰੇਬਾਜ਼ੀ ਅਤੇ ਹੰਗਾਮਾ ਜਾਰੀ ਰਿਹਾ। ਕਈ ਸੰਸਦ ਮੈਂਬਰਾਂ ਨੂੰ ਲੋਕ ਸਭਾ ਦੇ ਵੈੱਲ ‘ਚ ਦਾਖਲ ਹੋ ਕੇ ਰੌਲਾ ਪਾਉਂਦੇ ਵੀ ਦੇਖਿਆ ਗਿਆ। ਇਸ ‘ਤੇ ਸਪੀਕਰ ਓਮ ਬਿਰਲਾ ਨੇ ਸੰਸਦ ਮੈਂਬਰਾਂ ਨੂੰ ਅਜਿਹਾ ਵਿਵਹਾਰ ਨਾ ਕਰਨ ਦੀ ਅਪੀਲ ਕੀਤੀ।
ਲੋਕ ਸਭਾ ‘ਚ ਹੰਗਾਮੇ ਦੇ ਵਿਚਕਾਰ, ਉੱਤਰ ਪ੍ਰਦੇਸ਼ ਦੇ ਡੁਮਰੀਆਗੰਜ ਤੋਂ ਚੁਣੇ ਗਏ ਭਾਜਪਾ ਸੰਸਦ ਮੈਂਬਰ ਅਤੇ ਸੰਯੁਕਤ ਸੰਸਦੀ ਕਮੇਟੀ ਦੇ ਮੁਖੀ, ਜਗਦੰਬਿਕਾ ਪਾਲ ਨੇ ਸਦਨ ਦੇ ਫਲੋਰ ‘ਤੇ ਜੇਪੀਸੀ ਰਿਪੋਰਟ ਪੇਸ਼ ਕੀਤੀ। ਇਸ ਤੋਂ ਬਾਅਦ ਭਾਰਤ ਮਾਤਾ ਕੀ ਜੈ ਦੇ ਨਾਅਰੇ ਵੀ ਲਗਾਏ ਗਏ। ਇਸ ਤੋਂ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸਪੀਕਰ ਨੂੰ ਰਿਪੋਰਟ ਦੇ ਕਿਸੇ ਵੀ ਹਿੱਸੇ ਨੂੰ ਰੱਖਣ ਜਾਂ ਹਟਾਉਣ ਦਾ ਪੂਰਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਸੰਸਦੀ ਪ੍ਰਕਿਰਿਆ ਅਤੇ ਨਿਯਮਾਂ ਦੇ ਮੱਦੇਨਜ਼ਰ, ਸਪੀਕਰ ਨੂੰ ਆਪਣੇ ਵਿਵੇਕ ਦੇ ਆਧਾਰ ‘ਤੇ ਫੈਸਲਾ ਲੈਣਾ ਪੈਂਦਾ ਹੈ, ਜਿਸ ‘ਤੇ ਭਾਜਪਾ ਨੂੰ ਕੋਈ ਇਤਰਾਜ਼ ਨਹੀਂ ਹੈ।