ਨਵੀਂ ਦਿੱਲੀ, 8 ਅਕਤੂਬਰ (ਪੋਸਟ ਬਿਊਰੋ): ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਕਿਹਾ ਕਿ ਚੋਣ ਨਤੀਜਿਆਂ ਦਾ ‘ਸਭ ਤੋਂ ਵੱਡਾ ਸਬਕ’ ਇਹ ਹੈ ਕਿ ਚੋਣਾਂ ’ਚ ਕਦੀ ਵੀ ‘ਅਤਿ ਆਤਮਵਿਸ਼ਵਾਸੀ’ ਨਹੀਂ ਹੋਣਾ ਚਾਹੀਦਾ।
‘ਆਪ’ ਕੌਂਸਲਰਾਂ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਹਰਿਆਣਾ ’ਚ ਚੋਣਾਂ ਦੇ ਨਤੀਜੇ ਕੀ ਹਨ। ਸੱਭ ਤੋਂ ਵੱਡਾ ਸਬਕ ਇਹ ਹੈ ਕਿ ਕਿਸੇ ਨੂੰ ਵੀ ਚੋਣਾਂ ’ਚ ਜਿ਼ਆਦਾ ਵਿਸ਼ਵਾਸ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਚੋਣਾਂ ਨੂੰ ਹਲਕੇ ’ਚ ਨਹੀਂ ਲੈਣਾ ਚਾਹੀਦਾ। ਹਰ ਚੋਣ ਅਤੇ ਹਰ ਸੀਟ ਮੁਸ਼ਕਲ ਹੁੰਦੀ ਹੈ।
ਹਰਿਆਣਾ ’ਚ ਸੀਟਾਂ ਦੀ ਵੰਡ ਨੂੰ ਲੈ ਕੇ ਮਤਭੇਦਾਂ ਕਾਰਨ ‘ਆਪ’ ਕਾਂਗਰਸ ਨਾਲ ਚੋਣਾਂ ਤੋਂ ਪਹਿਲਾਂ ਗਠਜੋੜ ਕਰਨ ’ਚ ਅਸਫਲ ਰਹੀ ਸੀ। ਕਾਂਗਰਸ ਵਲੋਂ ਨੌਂ ਸੀਟਾਂ ਦੀ ਮੰਗ ਰੱਦ ਕੀਤੇ ਜਾਣ ਤੋਂ ਬਾਅਦ ਪਾਰਟੀ ਨੇ ਕੁਲ 90 ਸੀਟਾਂ ’ਚੋਂ 89 ਸੀਟਾਂ ’ਤੇ ਅਪਣੇ ਦਮ ’ਤੇ ਚੋਣ ਲੜੀ। ‘ਆਪ’ ਦੇ ਉਮੀਦਵਾਰ ਲਗਭਗ ਹਰ ਸੀਟ ’ਤੇ ਭਾਜਪਾ ਅਤੇ ਕਾਂਗਰਸ ਦੇ ਅਪਣੇ ਵਿਰੋਧੀ ਉਮੀਦਵਾਰਾਂ ਤੋਂ ਪਿੱਛੇ ਹਨ।