ਓਟਵਾ, 2 ਅਕਤੂਬਰ (ਪੋਸਟ ਬਿਊਰੋ): ਕਿੰਗਸਟਨ, ਓਂਟਾਰੀਓ ਦੀ ਪੁਲਿਸ ਦਾ ਕਹਿਣਾ ਹੈ ਕਿ ਪਿਛਲੇ ਹਫ਼ਤੇ ਸ਼ਹਿਰ ਦੇ ਪੂਰਵੀ ੲੈਂਡ `ਤੇ ਇੱਕ ਘਰ ਵਿੱਚ ਸੇਂਧਮਾਰੀ ਤੋਂ ਬਾਅਦ ਕਈ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ `ਤੇ ਚਾਰਜਿਜ਼ ਲਗਾਏ ਗਏ ਹਨ।
ਪੁਲਿਸ ਅਨੁਸਾਰ ਸ਼ਨੀਵਾਰ ਰਾਤ ਕਰੀਬ 10:30 ਵਜੇ ਰੋਜਰਜ਼ ਸਾਈਡ ਰੋਡ ਅਤੇ ਹਾਈਵੇ 2 ਦੇ ਇਲਾਕੇ ਵਿੱਚ ਇੱਕ ਘਰ ਵਿੱਚ ਤਿੰਨ ਲੋਕ ਦਾਖਲ ਹੋ ਗਏ। ਉਨ੍ਹਾਂ ਨੂੰ ਇਹ ਪਤਾ ਨਹੀਂ ਸੀ ਕਿ ਅੰਦਰ ਲੋਕ ਹਨ। ਪਰਿਵਾਰ ਦੇ ਇੱਕ ਮੈਂਬਰ ਨੇ ਖੜਕਾ ਸੁਣਿਆ ਅਤੇ ਹਾਲ ਵਿੱਚ ਟਾਰਚ ਲਏ ਕਿਸੇ ਵਿਅਕਤੀ ਨੂੰ ਵੇਖਿਆ ।
ਪਰਿਵਾਰ ਨੇ ਘਰ ਵਿਚ ਚੋਰਾਂ ਦਾ ਪਿੱਛਾ ਕੀਤਾ। ਜਿਉਂ ਹੀ ਸ਼ੱਕੀ ਭੱਜਣ ਲਈ ਵਾਹਨ ਵਿੱਚ ਬੈਠਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਘਰ ਦੇ ਮਾਲਿਕ ਨੇ ਉਨ੍ਹਾਂ ਨੂੰ ਇੱਕ ਕਾਰ ਵਿਚ ਘੇਰ ਲਿਆ। ਪੁਲਿਸ ਦੇ ਪਹੁੰਚਣ ਤੋਂ ਪਹਿਲਾਂ, ਇੱਕ ਅਣਪਛਾਤੇ ਵਿਅਕਤੀ ਨੇ ਪਿਕਅਪ ਟਰੱਕ ਨਾਲ ਮਾਲਿਕ ਦੀ ਕਾਰ ਵਿੱਚ ਟੱਕਰ ਮਾਰ ਦਿੱਤੀ। ਘਰ ਦਾ ਮਾਲਿਕ ਫਿਰ ਘਰ ਅੰਦਰ ਚਲਿਆ ਗਿਆ ਅਤੇ ਸ਼ੱਕੀ ਭੱਜ ਗਏ।
ਪੁਲਿਸ ਨੇ ਦੱਸਿਆ ਕਿ ਜਾਂਚ ਤੋਂ ਪਤਾ ਚੱਲਿਆ ਹੈ ਕਿ ਇੱਕ ਸ਼ੱਕੀ ਨੇ ਦਿਨ ਵਿੱਚ ਪਹਿਲਾਂ ਘਰ ਦੀ ਰੈਕੀ ਕੀਤੀ ਸੀ ਅਤੇ ਸ਼ਾਮ ਨੂੰ ਲੁੱਟਣ ਲਈ ਦੋ ਹੋਰ ਲੋਕਾਂ ਨਾਲ ਵਾਪਿਸ ਆਇਆ, ਉਸਨੂੰ ਨਹੀਂ ਪਤਾ ਸੀ ਕਿ ਉੱਥੇ ਕੋਈ ਹੋਵੇਗਾ।
ਪੁਲਿਸ ਨੇ ਐਤਵਾਰ ਨੂੰ ਇੱਕ 50 ਸਾਲਾ ਔਰਤ ਅਤੇ ਇੱਕ 42 ਸਾਲਾ ਔਰਤ ਨੂੰ ਗ੍ਰਿਫ਼ਤਾਰ ਕੀਤਾ। ਜਿਨ੍ਹਾਂ `ਤੇ ਘਰ ਵਿੱਚ ਵੜਣ ਅਤੇ ਤੋੜਫੋੜ ਕਰਨ ਦਾ ਦੋਸ਼ ਹੈ। ਮੰਗਲਵਾਰ ਨੂੰ ਇੱਕ 41 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ `ਤੇ ਘਰ ਵਿੱਚ ਦਾਖਲ ਹੋਣ ਅਤੇ ਤੋੜਫੋੜ ਕਰਨ ਦਾ ਚਾਰਜਿਜ਼ ਲਗਾਇਆ ਗਿਆ।
ਪੁਲਿਸ ਟਰੱਕ ਅਤੇ ਉਸਦੇ ਚਾਲਕ ਦੀ ਭਾਲ ਕਰ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਟਰੱਕ 2016 ਜਾਂ 2017 ਦਾ ਡਾਜ ਰੈਮ ਹੈ, ਜੋ ਲਾਲ ਰੰਗ ਦਾ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਟਰੱਕ ਦੇ ਅੱਗੇ ਦੇ ਹਿੱਸੇ ਵਿੱਚ ਕਾਫ਼ੀ ਨੁਕਸਾਨ ਹੋਇਆ ਹੋਵੇਗਾ, ਜਿਸ ਵਿੱਚ ਹੈੱਡਲਾਈਟ ਗਾਇਬ ਹੋਣਾ ਵੀ ਸ਼ਾਮਿਲ ਹੈ।