ਨਵੀਂ ਦਿੱਲੀ, 1 ਅਕਤੂਬਰ (ਪੋਸਟ ਬਿਊਰੋ): ਹਿਮਾਚਲ ਪ੍ਰਦੇਸ਼ ਦੇ ਰੋਹਤਾਂਗ ਦੱਰੇ ਤੋਂ 56 ਸਾਲਾਂ ਬਾਅਦ ਚਾਰ ਭਾਰਤੀ ਜਵਾਨਾਂ ਦੀਆਂ ਲਾਸ਼ਾਂ ਮਿਲੀਆਂ ਹਨ। ਭਾਰਤੀ ਫੌਜ ਦੇ ਡੋਗਰਾ ਸਕਾਊਟਸ ਅਤੇ ਤਿਰੰਗਾ ਮਾਊਂਟੇਨ ਬਚਾਅ ਦਲ ਦੀ ਸਾਂਝੀ ਟੀਮ ਨੇ ਲਾਸ਼ਾਂ ਬਰਾਮਦ ਕੀਤੀਆਂ। ਦਰਅਸਲ, 1968 ਵਿੱਚ ਭਾਰਤੀ ਹਵਾਈ ਫੌਜ ਦਾ ਇੱਕ ਏਐਨ-12 ਜਹਾਜ਼ ਇਸ ਖੇਤਰ ਵਿੱਚ ਕਰੈਸ਼ ਹੋ ਗਿਆ ਸੀ।
7 ਫਰਵਰੀ 1968 ਨੂੰ ਚੰਡੀਗੜ੍ਹ ਤੋਂ ਲੇਹ ਜਾਂਦੇ ਸਮੇਂ 102 ਸੈਨਿਕਾਂ ਨੂੰ ਲੈ ਕੇ ਦੋ ਇੰਜਣ ਵਾਲਾ ਏਐਨ-12 ਟਰਬੋਪ੍ਰੌਪ ਟਰਾਂਸਪੋਰਟ ਜਹਾਜ਼ ਲਾਪਤਾ ਹੋ ਗਿਆ ਸੀ। ਇਹ ਜਹਾਜ਼ ਖਰਾਬ ਮੌਸਮ 'ਚ ਫਸ ਗਿਆ ਅਤੇ ਹਿਮਾਚਲ ਪ੍ਰਦੇਸ਼ ਦੇ ਰੋਹਤਾਂਗ ਦੱਰੇ 'ਤੇ ਹਾਦਸਾਗ੍ਰਸਤ ਹੋ ਗਿਆ।
2019 ਤੱਕ ਪੰਜ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਸਨ। ਮਲਬੇ ਦੀ ਖੋਜ 2003 ਵਿੱਚ ਅਟਲ ਬਿਹਾਰੀ ਵਾਜਪਾਈ ਮਾਊਂਟੇਨੀਅਰਿੰਗ ਇੰਸਟੀਚਿਊਟ ਦੇ ਪਰਬਤਾਰੋਹੀਆਂ ਵੱਲੋਂ ਕੀਤੀ ਗਈ ਸੀ, ਜਿਸ ਤੋਂ ਬਾਅਦ ਭਾਰਤੀ ਫੌਜ, ਖਾਸ ਤੌਰ 'ਤੇ ਡੋਗਰਾ ਸਕਾਊਟਸ ਨੇ ਸਾਲਾਂ ਦੌਰਾਨ ਕਈ ਖੋਜ ਮੁਹਿੰਮਾਂ ਚਲਾਈਆਂ। ਡੋਗਰਾ ਸਕਾਊਟਸ ਨੇ 2005, 2006, 2013 ਅਤੇ 2019 ਵਿੱਚ ਲਾਸ਼ਾਂ ਨੂੰ ਕੱਢਣਾ ਜਾਰੀ ਰੱਖਿਆ। ਅਧਿਕਾਰੀਆਂ ਨੇ ਕਿਹਾ ਕਿ ਕਰੈਸ਼ ਸਾਈਟ ਦੇ ਕਠੋਰ ਹਾਲਾਤ ਅਤੇ ਚੁਣੌਤੀਪੂਰਨ ਖੇਤਰ ਦੇ ਕਾਰਨ 2019 ਤੱਕ ਸਿਰਫ ਪੰਜ ਲਾਸ਼ਾਂ ਹੀ ਬਰਾਮਦ ਕੀਤੀਆਂ ਗਈਆਂ ਹਨ।
ਅਧਿਕਾਰੀਆਂ ਮੁਤਾਬਕ ਤਿੰਨ ਮ੍ਰਿਤਕਾਂ ਦੀਆਂ ਲਾਸ਼ਾਂ ਦੀ ਪਹਿਚਾਣ ਮੱਖਣ ਸਿੰਘ, ਕਾਂਸਟੇਬਲ ਨਰਾਇਣ ਸਿੰਘ ਅਤੇ ਕਰਾਫਟਮੈਨ ਥਾਮਸ ਚਰਨ ਵਜੋਂ ਹੋਈ ਹੈ। ਚੌਥੀ ਲਾਸ਼ ਦੀ ਹਾਲੇ ਤੱਕ ਪਹਿਚਾਣ ਨਹੀਂ ਹੋ ਸਕੀ ਹੈ।
ਥਾਮਸ ਚਰਨ ਕੇਰਲ ਦੇ ਪਠਾਨਮਥਿੱਟਾ ਜਿ਼ਲ੍ਹੇ ਦੇ ਏਲਾਂਥੂਰ ਦੇ ਰਹਿਣ ਵਾਲੇ ਸਨ। ਉਨ੍ਹਾਂ ਦੀ ਮਾਂ ਅਲੀਮਾ ਸਮੇਤ ਉਨ੍ਹਾਂ ਦੇ ਪਰਿਵਾਰ ਨੂੰ ਬਰਾਮਦਗੀ ਬਾਰੇ ਸੂਚਨਾ ਦੇ ਦਿੱਤੀ ਗਈ ਹੈ। ਸਰਕਾਰੀ ਰਿਕਾਰਡ ਤੋਂ ਪ੍ਰਾਪਤ ਦਸਤਾਵੇਜ਼ਾਂ ਦੀ ਮਦਦ ਨਾਲ ਮੱਖਣ ਸਿੰਘ ਦੀ ਸ਼ਨਾਖਤ ਕੀਤੀ ਗਈ, ਜਦੋਂਕਿ ਫੌਜ ਦੀ ਮੈਡੀਕਲ ਕੋਰ ਵਿੱਚ ਕੰਮ ਕਰਦੇ ਸਿਪਾਹੀ ਨਰਾਇਣ ਸਿੰਘ ਦੀ ਪਛਾਣ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਨਰਾਇਣ ਸਿੰਘ ਉੱਤਰਾਖੰਡ ਦੇ ਗੜ੍ਹਵਾਲ ਦੀ ਚਮੋਲੀ ਤਹਿਸੀਲ ਦੇ ਕੋਲਪਾੜੀ ਪਿੰਡ ਦੇ ਰਹਿਣ ਵਾਲੇ ਸਨ।