ਨਵੀਂ ਦਿੱਲੀ, 22 ਸਤੰਬਰ (ਪੋਸਟ ਬਿਊਰੋ): ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਦਿੱਲੀ ਦੇ ਜੰਤਰ-ਮੰਤਰ ਵਿਖੇ ਇੱਕ ਜਨਤਕ ਮੀਟਿੰਗ ਕੀਤੀ। ਉਨ੍ਹਾਂ 2011 ਵਿੱਚ ਅੰਨਾ ਅੰਦੋਲਨ ਅਤੇ ਪਹਿਲੀ ਵਾਰ ਚੋਣਾਂ ਜਿੱਤਣ ਦੀ ਘਟਨਾ ਦਾ ਜਿ਼ਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਅਸੀਂ ਪਹਿਲੀ ਵਾਰ ਇਮਾਨਦਾਰੀ ਦੇ ਆਧਾਰ 'ਤੇ ਸੱਤਾ 'ਚ ਆਏ ਸੀ।
ਅਸਤੀਫੇ 'ਤੇ ਕੇਜਰੀਵਾਲ ਨੇ ਕਿਹਾ ਕਿ ਮੈਨੂੰ ਸੱਤਾ ਅਤੇ ਕੁਰਸੀ ਦਾ ਲਾਲਚ ਨਹੀਂ ਹੈ। ਮੈਨੂੰ ਦੁੱਖ ਹੋਇਆ ਜਦੋਂ ਭਾਜਪਾ ਨੇ ਮੈਨੂੰ ਭ੍ਰਿਸ਼ਟ ਅਤੇ ਚੋਰ ਕਿਹਾ। ਇਸ ਕਲੰਕ ਦੇ ਨਾਲ ਕੁਰਸੀ ਤਾਂ ਕੀ ਸਾਹ ਵੀ ਨਹੀਂ ਲੈ ਸਕਦਾ। ਅਗਲੀ ਦਿੱਲੀ ਚੋਣ ਮੇਰੇ ਲਈ ਅਗਨੀ ਪ੍ਰੀਖਿਆ ਹੈ। ਜੇਕਰ ਤੁਸੀਂ ਮੈਨੂੰ ਇਮਾਨਦਾਰ ਸਮਝਦੇ ਹੋ ਤਾਂ ਮੈਨੂੰ ਵੋਟ ਪਾਇਓ।
ਇਸ ਦੌਰਾਨ ਉਨ੍ਹਾਂ ਨੇ ਸੰਘ ਮੁਖੀ ਮੋਹਨ ਭਾਗਵਤ ਨੂੰ ਕੁਝ ਸਵਾਲ ਪੁੱਛੇ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਮੋਦੀ ਜੀ ਦੇਸ਼ ਭਰ ਦੇ ਲੋਕਾਂ ਨੂੰ ਲੁਭਾਉਣ ਜਾਂ ਈਡੀ ਸੀਬੀਆਈ ਦਾ ਡਰ ਦਿਖਾ ਕੇ ਦੂਜੀਆਂ ਪਾਰਟੀਆਂ ਦੇ ਨੇਤਾਵਾਂ ਨੂੰ ਤੋੜ ਰਹੇ ਹਨ ਅਤੇ ਸਰਕਾਰਾਂ ਨੂੰ ਤੋੜ ਰਹੇ ਹਨ- ਕੀ ਇਹ ਦੇਸ਼ ਦੇ ਲੋਕਤੰਤਰ ਲਈ ਸਹੀ ਹੈ? ਕੀ ਤੁਹਾਨੂੰ ਨਹੀਂ ਲੱਗਦਾ ਕਿ ਇਹ ਭਾਰਤੀ ਲੋਕਤੰਤਰ ਲਈ ਨੁਕਸਾਨਦੇਹ ਹੈ?
ਆਪਣੇ ਦੂਜੇ ਸਵਾਲ `ਚ ਕਿਜਾ ਕਿ ਮੋਦੀ ਨੇ ਦੇਸ਼ ਭਰ ਦੇ ਸਭ ਤੋਂ ਭ੍ਰਿਸ਼ਟ ਨੇਤਾਵਾਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕੀਤਾ। ਜਿਨ੍ਹਾਂ ਆਗੂਆਂ ਨੂੰ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਖੁਦ ਸਭ ਤੋਂ ਭ੍ਰਿਸ਼ਟ ਕਿਹਾ ਸੀ। ਜਿਨ੍ਹਾਂ ਨੇਤਾਵਾਂ ਨੂੰ ਅਮਿਤ ਸ਼ਾਹ ਜੀ ਭ੍ਰਿਸ਼ਟ ਕਹਿੰਦੇ ਸਨ। ਕੁਝ ਦਿਨਾਂ ਬਾਅਦ ਉਨ੍ਹਾਂ ਨੂੰ ਭਾਜਪਾ ਵਿੱਚ ਸ਼ਾਮਲ ਕਰ ਲਿਆ? ਕੀ ਤੁਸੀਂ ਅਜਿਹੀ ਭਾਜਪਾ ਦੀ ਕਲਪਨਾ ਕੀਤੀ ਸੀ? ਕੀ ਤੁਸੀਂ ਇਸ ਕਿਸਮ ਦੀ ਰਾਜਨੀਤੀ ਨਾਲ ਸਹਿਮਤ ਹੋ?
ਤੀਜੇ ਸਵਾਲ `ਚ ਉਨ੍ਹਾਂ ਕਿਹਾ ਕਿ ਭਾਜਪਾ ਦਾ ਜਨਮ ਆਰਐਸਐਸ ਦੀ ਕੁੱਖੋਂ ਹੋਇਆ ਹੈ। ਕਿਹਾ ਜਾਂਦਾ ਹੈ ਕਿ ਭਾਜਪਾ ਕੁਰਾਹੇ ਨਾ ਪੈ ਜਾਵੇ ਇਹ ਦੇਖਣਾ ਆਰਐੱਸਐੱਸ ਦੀ ਜਿ਼ੰਮੇਵਾਰੀ ਹੈ। ਕੀ ਤੁਸੀਂ ਭਾਜਪਾ ਦੇ ਅੱਜ ਦੇ ਕਦਮਾਂ ਨਾਲ ਸਹਿਮਤ ਹੋ? ਕੀ ਤੁਸੀਂ ਕਦੇ ਮੋਦੀ ਜੀ ਨੂੰ ਇਹ ਸਭ ਨਾ ਕਰਨ ਲਈ ਕਿਹਾ ਸੀ?
ਜੇਪੀ ਨੱਡਾ ਨੇ ਚੋਣਾਂ ਦੌਰਾਨ ਕਿਹਾ ਸੀ ਕਿ ਭਾਜਪਾ ਨੂੰ ਆਰਐਸਐਸ ਦੀ ਲੋੜ ਨਹੀਂ ਹੈ। ਆਰਐਸਐਸ ਭਾਜਪਾ ਦੀ ਮਾਂ ਵਰਗੀ ਹੈ। ਕੀ ਪੁੱਤ ਇੰਨਾ ਵੱਡਾ ਹੋ ਗਿਆ ਹੈ ਕਿ ਮਾਂ ਨੂੰ ਅੱਖਾਂ ਦਿਖਾਉਣ ਲੱਗ ਪਿਆ ਹੈ? ਜਿਸ ਪੁੱਤਰ ਨੂੰ ਮਾਂ-ਬਾਪ ਦੀ ਦੇਖ-ਰੇਖ 'ਚ ਪਾਲਿਆ ਅਤੇ ਪ੍ਰਧਾਨ ਮੰਤਰੀ ਬਣਾਇਆ, ਅੱਜ ਉਹ ਮਾਂ-ਬਾਪ ਦੀ ਸੰਸਥਾ ਨੂੰ ਅੱਖਾਂ ਦਿਖਾ ਰਿਹਾ ਹੈ। ਕੀ ਤੁਹਾਨੂੰ ਦੁੱਖ ਨਹੀਂ ਹੋਇਆ ਜਦੋਂ ਨੱਡਾ ਜੀ ਨੇ ਇਹ ਕਿਹਾ? ਕੀ ਹਰ ਵਰਕਰ ਦੁਖੀ ਨਹੀਂ ਹੋਇਆ?
ਉਨ੍ਹਾਂ ਨੇ ਪੁੱਛਿਆ ਕਿ ਆਰਐੱਸਐੱਸ ਅਤੇ ਭਾਜਪਾ ਨੇ ਮਿਲ ਕੇ ਇਹ ਕਾਨੂੰਨ ਬਣਾਇਆ ਸੀ ਕਿ ਕਿਸੇ ਵੀ ਵਿਅਕਤੀ ਨੂੰ 75 ਸਾਲ ਦੀ ਉਮਰ ਪੂਰੀ ਕਰਨ ਤੋਂ ਬਾਅਦ ਸੇਵਾਮੁਕਤ ਹੋਣਾ ਪਵੇਗਾ। ਇਸ ਕਾਨੂੰਨ ਤਹਿਤ ਅਡਵਾਨੀ ਜੀ ਅਤੇ ਮੁਰਲੀਮਨੋਹਰ ਜੋਸ਼ੀ ਜੀ ਵਰਗੇ ਬਹੁਤ ਵੱਡੇ ਨੇਤਾ ਵੀ ਸੇਵਾਮੁਕਤ ਹੋ ਗਏ। ਹੁਣ ਅਮਿਤ ਸ਼ਾਹ ਜੀ ਕਹਿ ਰਹੇ ਹਨ ਕਿ ਮੋਦੀ ਜੀ 'ਤੇ ਇਹ ਨਿਯਮ ਲਾਗੂ ਨਹੀਂ ਹੋਵੇਗਾ। ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਜੋ ਨਿਯਮ ਅਡਵਾਨੀ ਜੀ 'ਤੇ ਲਾਗੂ ਹੋਇਆ ਸੀ, ਉਹ ਮੋਦੀ ਜੀ 'ਤੇ ਲਾਗੂ ਨਹੀਂ ਹੋਵੇਗਾ?