ਲਖੀਮਪੁਰ ਖੀਰੀ, 12 ਸਤੰਬਰ (ਪੋਸਟ ਬਿਊਰੋ): ਅੱਜ ਕੱਲ੍ਹ ਮੋਬਾਇਲ ਨਾਲ ਵੀਡੀਓ ਬਣਾਉਣ ਦਾ ਕਰੇਜ਼ ਐਨਾ ਵਧ ਗਿਆ ਕਿ ਲੋਕ ਵੀਡੀਓ ਬਣਾਉਣ ਲੱਗੇ ਆਪਣੀ ਜਾਨ ਦੀ ਪ੍ਰਵਾਹ ਵੀ ਨਹੀਂ ਕਰਦੇ, ਜਿਸਦਾ ਖਮਿਆਜ਼ਾ ਉਨ੍ਹਾਂ ਨੂੰ ਭੁਗਤਣਾ ਪੈਂਦਾ ਹੈ। ਇਸ ਤਰ੍ਹਾਂ ਦੀ ਘਟਨਾ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਉਮਰੀਆ ਪਿੰਡ ਨੇੜੇ ਵਾਪਰੀ। ਬੁੱਧਵਾਰ ਸਵੇਰੇ ਰੇਲ ਗੱਡੀ ਦੀ ਲਪੇਟ ’ਚ ਆਉਣ ਨਾਲ ਇਕ ਵਿਅਕਤੀ, ਉਸ ਦੀ ਪਤਨੀ ਅਤੇ ਤਿੰਨ ਸਾਲਾ ਬੇਟੇ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦਸਿਆ ਕਿ ਉਹ ਕਥਿਤ ਤੌਰ ’ਤੇ ਪਟੜੀਆਂ ਦੇ ਨੇੜੇ ਵੀਡੀਓ ਬਣਾ ਰਹੇ ਸਨ।
ਮ੍ਰਿਤਕਾਂ ਦੀ ਪਹਿਚਾਣ ਮੁਹੰਮਦ ਅਹਿਮਦ (26), ਉਸ ਦੀ ਪਤਨੀ ਨਾਜ਼ਨੀਨ (24) ਅਤੇ ਤਿੰਨ ਸਾਲਾ ਬੇਟੇ ਅਬਦੁੱਲਾ ਵਜੋਂ ਹੋਈ ਹੈ। ਖੇੜੀ ਕੋਤਵਾਲੀ ਦੇ ਇੰਚਾਰਜ ਅਜੀਤ ਕੁਮਾਰ ਨੇ ਦੱਸਿਆ ਕਿ ਪਰਿਵਾਰ ਰੇਲਵੇ ਟਰੈਕ ’ਤੇ ਰੀਲ ਬਣਾ ਰਿਹਾ ਸੀ ਜਦੋਂ ਰੇਲ ਗੱਡੀ ਆਈ ਅਤੇ ਤਿੰਨਾਂ ਦੀ ਦੁਖਦਾਈ ਮੌਤ ਹੋ ਗਈ। ਉਨ੍ਹਾਂ ਦਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਕਾਨੂੰਨੀ ਪ੍ਰਕਿਰਿਆ ਜਾਰੀ ਹੈ।