ਨਵੀਂ ਦਿੱਲੀ, 13 ਅਗਸਤ (ਪੋਸਟ ਬਿਊਰੋ): ਭਾਰਤੀ ਓਲੰਪਿਕ ਸੰਘ (ਆਈ.ਓ.ਏ.) ਨੇ ਹਰਿਆਣਾ ਦੀ ਪਹਿਲਵਾਨ ਵਿਨੇਸ਼ ਫੋਗਾਟ ਦੇ ਵਧੇ ਹੋਏ ਭਾਰ ਦੇ ਮਾਮਲੇ ਤੋਂ ਖੁਦ ਨੂੰ ਦੂਰ ਕਰ ਲਿਆ ਹੈ। ਇਸ ਬਾਰੇ ਪ੍ਰਧਾਨ ਪੀਟੀ ਊਸ਼ਾ ਨੇ ਕਿਹਾ ਕਿ ਭਾਰ ਦੀ ਮੈਨੇਜਮੈਂਟ ਕਰਨਾ ਖਿਡਾਰੀਆਂ ਅਤੇ ਕੋਚਾਂ ਦੀ ਜਿ਼ੰਮੇਵਾਰੀ ਹੈ।
ਖਾਸ ਕਰਕੇ ਕੁਸ਼ਤੀ, ਵੇਟਲਿਫਟਿੰਗ, ਮੁੱਕੇਬਾਜ਼ੀ ਅਤੇ ਜੂਡੋ ਵਰਗੀਆਂ ਖੇਡਾਂ ਵਿੱਚ। ਇਨ੍ਹਾਂ ਵਿੱਚ, ਐਥਲੀਟਾਂ ਦੇ ਭਾਰ ਦੀ ਜਿ਼ੰਮੇਵਾਰੀ ਹਰ ਅਥਲੀਟ ਅਤੇ ਉਸਦੇ ਕੋਚ ਦੀ ਹੈ, ਨਾ ਕਿ ਆਈਓਏ ਦੁਆਰਾ ਨਿਯੁਕਤ ਚੀਫ ਮੈਡੀਕਲ ਅਫਸਰ ਡਾ. ਦਿਨਸ਼ਾਵ ਪਾਰਦੀਵਾਲਾ ਅਤੇ ਉਨ੍ਹਾਂ ਦੀ ਟੀਮ ਦੀ।
ਵਿਨੇਸ਼ ਫੋਗਾਟ ਨੇ ਪੈਰਿਸ ਓਲੰਪਿਕ ਵਿੱਚ 50 ਕਿਲੋ ਭਾਰ ਵਰਗ ਵਿੱਚ ਹਿੱਸਾ ਲਿਆ ਸੀ। ਉਹ ਇੱਕ ਦਿਨ ਵਿੱਚ 3 ਪਹਿਲਵਾਨਾਂ ਨੂੰ ਹਰਾ ਕੇ ਫਾਈਨਲ ਵਿੱਚ ਪਹੁੰਚੀ, ਜਿਸ ਵਿੱਚ ਜਾਪਾਨ ਦੀ ਓਲੰਪਿਕ ਚੈਂਪੀਅਨ ਵੀ ਸ਼ਾਮਿਲ ਹੈ। ਹਾਲਾਂਕਿ, ਆਖਰੀ ਦਿਨ ਦੀ ਸਵੇਰ ਨੂੰ ਉਸ ਨੇ 100 ਗ੍ਰਾਮ ਵੱਧ ਭਾਰ ਵਧ ਪਾਇਆ ਗਿਆ। ਇਸ ਤੋਂ ਬਾਅਦ ਉਸ ਨੂੰ ਅਯੋਗ ਕਰਾਰ ਦੇ ਦਿੱਤਾ ਗਿਆ ਸੀ।