ਬੈਂਗਲੁਰੂ, 11 ਅਗਸਤ (ਪੋਸਟ ਬਿਊਰੋ): ਬੈਂਗਲੁਰੂ, ਕਰਨਾਟਕ ਵਿੱਚ ਇੱਕ ਕਾਫ਼ੀ ਸ਼ਾਪ ਦੇ ਵਾਸ਼ਰੂਮ ਵਿੱਚ ਲੁਕੋਇਆ ਹੋਇਆ ਕੈਮਰਾ ਮਿਲਿਆ ਹੈ। ਇਸ ਨੂੰ ਟਾਇਲਟ ਸ਼ੀਟ ਦੇ ਬਿਲਕੁਲ ਸਾਹਮਣੇ ਡਸਟਬਿਨ ਵਿੱਚ ਛੁਪਾ ਕੇ ਰੱਖਿਆ ਗਿਆ ਸੀ। ਦੋ ਘੰਟੇ ਤੋਂ ਰਿਕਾਰਡਿੰਗ ਚੱਲ ਰਹੀ ਸੀ। ਇੱਕ ਔਰਤ ਨੇ ਇਸ ਨੂੰ ਫੜ੍ਹ ਲਿਆ। ਇਹ ਘਟਨਾ ਸ਼ਨੀਵਾਰ (10 ਅਗਸਤ) ਨੂੰ ਬੈਂਗਲੁਰੂ ਦੇ ਬੀਈਐੱਲ ਰੋਡ 'ਤੇ ਸਥਿਤ ਥਰਡ ਵੇਵ ਕਾਫ਼ੀ ਆਊਟਲੈਟ 'ਤੇ ਵਾਪਰੀ।
ਕੈਫੇ 'ਚ ਮੌਜੂਦ ਇਕ ਵਿਅਕਤੀ ਨੇ ਇਸ ਘਟਨਾ ਦੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ। ਉਸ ਨੇ ਦੱਸਿਆ ਕਿ ਫੋਨ ਨੂੰ ਧਿਆਨ ਨਾਲ ਡਸਟਬਿਨ ਬੈਗ ਦੇ ਅੰਦਰ ਲੁਕੋਇਆ ਗਿਆ ਸੀ, ਜਿਸ ਵਿਚ ਸਿਰਫ ਕੈਮਰਾ ਹੀ ਦਿਖਾਈ ਦੇ ਰਿਹਾ ਸੀ। ਫੋਨ ਫਲਾਈਟ ਮੋਡ 'ਤੇ ਸੀ, ਤਾਂ ਕਿ ਕਾਲ ਜਾਂ ਮੈਸੇਜ ਆਉਣ 'ਤੇ ਕਿਸੇ ਤਰ੍ਹਾਂ ਦੀ ਕੋਈ ਆਵਾਜ਼ ਨਾ ਆਵੇ।
ਵਾਸ਼ਰੂਮ 'ਚ ਫੋਨ ਮਿਲਣ ਤੋਂ ਬਾਅਦ ਮਹਿਲਾ ਨੇ ਕੈਫੇ ਸਟਾਫ ਨੂੰ ਸੂਚਨਾ ਦਿੱਤੀ। ਪਤਾ ਲੱਗਾ ਕਿ ਫੋਨ ਉੱਥੇ ਕੰਮ ਕਰ ਰਹੇ ਕਿਸੇ ਸਟਾਫ ਦਾ ਸੀ। ਇਸ ਤੋਂ ਬਾਅਦ ਪੁਲਿਸ ਨੂੰ ਮਾਮਲੇ ਦੀ ਸੂਚਨਾ ਦਿੱਤੀ ਗਈ।
ਸਦਾਸਿ਼ਵਨਗਰ ਪੁਲਿਸ ਨੇ ਦੱਸਿਆ ਕਿ ਪੀੜਤ ਔਰਤ ਦੇ ਇਕ ਦੋਸਤ ਨੇ ਮਾਮਲੇ ਦੀ ਸਿ਼ਕਾਇਤ ਕੀਤੀ ਸੀ। ਇਸ ਤੋਂ ਬਾਅਦ ਕਾਫ਼ੀ ਸ਼ਾਪ ਦੇ ਇੱਕ ਸਟਾਫ ਨੂੰ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮ ਦੀ ਉਮਰ ਕਰੀਬ 20 ਸਾਲ ਹੈ ਅਤੇ ਉਹ ਕਰਨਾਟਕ ਦੇ ਭਦਰਾਵਤੀ ਦਾ ਰਹਿਣ ਵਾਲਾ ਹੈ।
ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਦੀ ਧਾਰਾ 77 (ਕਿਸੇ ਔਰਤ ਦੀ ਸਹਿਮਤੀ ਤੋਂ ਬਿਨਾਂ ਉਸ ਦੀਆਂ ਨਿੱਜੀ ਤਸਵੀਰਾਂ ਦੇਖਣਾ, ਕੈਪਚਰ ਕਰਨਾ ਅਤੇ ਪ੍ਰਸਾਰਿਤ ਕਰਨਾ) ਅਤੇ ਸੂਚਨਾ ਤਕਨਾਲਾਜੀ (ਆਈ.ਟੀ.) ਐਕਟ ਤਹਿਤ ਉਸ ਵਿਰੁੱਧ ਐੱਫਆਈਆਰ ਦਰਜ ਕੀਤੀ ਗਈ ਹੈ।