ਵਾਸਿ਼ੰਗਟਨ, 20 ਜੂਨ (ਪੋਸਟ ਬਿਊਰੋ): ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਉਨ੍ਹਾਂ ਦੀਆਂ ਦੋਵੇਂ ਬੇਟੀਆਂ ਕਦੇ ਵੀ ਰਾਜਨੀਤੀ ਵਿੱਚ ਨਹੀਂ ਆਉਣਗੀਆਂ। (Obama said- My daughters will never come into politics) ਉਨ੍ਹਾਂ ਨੇ ਸ਼ਨੀਵਾਰ ਨੂੰ ਲਾਸ ਏਂਜਲਸ 'ਚ ਰਾਸ਼ਟਰਪਤੀ ਜੋਅ ਬਾਇਡੇਨ ਨਾਲ ਜੁੜੇ ਫੰਡ ਰੇਜਿੰਗ ਪ੍ਰੋਗਰਾਮ 'ਚ ਇਹ ਗੱਲ ਕਹੀ। ਬਰਾਕ ਓਬਾਮਾ ਨੇ ਕਿਹਾ ਕਿ ਉਨ੍ਹਾਂ ਦੀ ਪਤਨੀ ਮਿਸ਼ੇਲ ਓਬਾਮਾ ਨਹੀਂ ਚਾਹੁੰਦੀ ਕਿ ਉਨ੍ਹਾਂ ਦੀਆਂ ਬੇਟੀਆਂ ਇਸ ਖੇਤਰ 'ਚ ਆਉਣ। ਉਨ੍ਹਾਂ ਨੇ ਆਪਣੀਆਂ ਬੇਟੀਆਂ ਨੂੰ ਇਸ ਲਈ ਮਾਨਸਿਕ ਤੌਰ 'ਤੇ ਤਿਆਰ ਕੀਤਾ ਹੈ ਕਿ ਰਾਜਨੀਤੀ ਉਨ੍ਹਾਂ ਲਈ ਨਹੀਂ ਹੈ।
ਬਰਾਕ ਅਤੇ ਮਿਸ਼ੇਲ ਓਬਾਮਾ ਦੀਆਂ ਦੋ ਬੇਟੀਆਂ ਮਾਲੀਆ (25) ਅਤੇ ਸਾਸ਼ਾ (22) ਹਨ। ਪ੍ਰੋਗਰਾਮ 'ਚ ਬਰਾਕ ਓਬਾਮਾ ਤੋਂ ਪੁੱਛਿਆ ਗਿਆ ਕਿ ਕੀ ਉਹ ਆਪਣੀਆਂ ਬੇਟੀਆਂ ਨੂੰ ਉਨ੍ਹਾਂ ਦੇ ਨਕਸ਼ੇ-ਕਦਮਾਂ 'ਤੇ ਚੱਲਦੇ ਦੇਖਣਾ ਚਾਹੁੰਦੇ ਹਨ?
ਇਸ ਦਾ ਜਵਾਬ ਦਿੰਦੇ ਹੋਏ ਬਰਾਕ ਓਬਾਮਾ ਨੇ ਕਿਹਾ ਕਿ ਮੈਨੂੰ ਇਸ ਸਵਾਲ ਦਾ ਜਵਾਬ ਦੇਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਮਿਸ਼ੇਲ ਨੇ ਉਨ੍ਹਾਂ ਨੂੰ ਬਚਪਨ 'ਚ ਹੀ ਕਿਹਾ ਸੀ ਕਿ ਰਾਜਨੀਤੀ 'ਚ ਜਾਣਾ ਇਕ ਤਰ੍ਹਾਂ ਦਾ ਪਾਗਲਪਨ ਹੋਵੇਗਾ। ਇਸ ਲਈ ਅਜਿਹਾ ਕਦੇ ਨਹੀਂ ਹੋਵੇਗਾ।
ਆਪਣੀ ਮਾਂ ਦੀ ਸਲਾਹ ਤੋਂ ਬਾਅਦ, ਓਬਾਮਾ ਪਰਿਵਾਰ ਦੀਆਂ ਦੋਵੇਂ ਬੇਟੀਆਂ ਨੇ ਰਾਜਨੀਤੀ ਤੋਂ ਇਲਾਵਾ ਹੋਰ ਖੇਤਰਾਂ ਵਿੱਚ ਕਰੀਅਰ ਦੀ ਖੋਜ ਕੀਤੀ ਹੈ। ਮਾਲਿਆ ਓਬਾਮਾ 2021 ਵਿੱਚ ਹਾਰਵਰਡ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ ਫਿਲਮ ਇੰਡਸਟਰੀ ਵਿੱਚ ਸ਼ਾਮਿਲ ਹੋਈ। ਹਾਲ ਹੀ 'ਚ ਸਨਡੈਂਸ ਫਿਲਮ ਫੈਸਟੀਵਲ 'ਚ ਮਾਲੀਆ ਦੀ ਲਘੂ ਫਿਲਮ 'ਦਿ ਹਾਰਟ' ਦਾ ਪ੍ਰੀਮੀਅਰ ਹੋਇਆ।
ਮਾਲੀਆ ਇਸ ਫਿਲਮ ਦੀ ਲੇਖਕ ਅਤੇ ਡਾਇਰੈਕਟਰ ਹਨ। ਕੁਝ ਸਮਾਂ ਪਹਿਲਾਂ ਮਾਲੀਆ ਨੇ ਆਪਣੇ ਨਾਂ ਤੋਂ ਆਪਣੇ ਪਿਤਾ ਦਾ ਟਾਈਟਲ ਹਟਾ ਦਿੱਤਾ ਸੀ। ਹੁਣ ਉਹ 'ਮਾਲੀਆ ਓਬਾਮਾ' ਦੀ ਥਾਂ 'ਮਾਲੀਆ ਐਨ' ਵਜੋਂ ਜਾਣੀ ਜਾਂਦੀ ਹੈ। ਮਾਲੀਆ ਦੀ ਛੋਟੀ ਭੈਣ ਸਾਸ਼ਾ ਨੇ ਪਿਛਲੇ ਸਾਲ ਸਾਊਥ ਕੈਲੀਫੋਰਨੀਆ ਯੂਨੀਵਰਸਿਟੀ ਤੋਂ ਸਮਾਜ ਸ਼ਾਸਤਰ ਦੀ ਡਿਗਰੀ ਨਾਲ ਗ੍ਰੈਜੂਏਸ਼ਨ ਕੀਤੀ ਸੀ।