ਨਵੀਂ ਦਿੱਲੀ, 10 ਜੂਨ (ਪੋਸਟ ਬਿਊਰੋ): ਸਮਾਜਵਾਦੀ ਪਾਰਟੀ ਦੇ ਆਗੂ ਆਜ਼ਮ ਖਾਨ ਨਾਲ ਸਬੰਧਤ ਡੂੰਗਰਪੁਰ ਦੇ ਇੱਕ ਹੋਰ ਮਾਮਲੇ ਵਿੱਚ ਫੈਸਲਾ ਆਇਆ ਹੈ। ਅਦਾਲਤ ਨੇ ਇਸ ਮਾਮਲੇ `ਚ ਸਪਾ ਆਗੂ ਆਜ਼ਮ ਖਾਨ ਸਮੇਤ ਚਾਰ ਜਣਿਆਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਹੈ। 2019 `ਚ ਡੂੰਗਰਪੁਰ ਕਾਲੋਨੀ ‘ਚ ਰਹਿਣ ਵਾਲੇ ਲੋਕਾਂ ਨੇ ਆਜ਼ਮ ਖਾਨ ਦੇ ਖ਼ਿਲਾਫ਼ ਗੰਜ ਥਾਣੇ ਵਿਚ ਕਾਲੋਨੀ ਖਾਲੀ ਕਰਵਾਉਣ ਦੇ ਨਾਂ ‘ਤੇ ਲੁੱਟ, ਚੋਰੀ, ਕੁੱਟਮਾਰ, ਛੇੜਛਾੜ ਸਮੇਤ ਵੱਖ-ਵੱਖ ਧਾਰਾਵਾਂ ਤਹਿਤ 12 ਮਾਮਲੇ ਦਰਜ ਕਰਵਾਏ ਸਨ।
ਚਾਰ ਕੇਸਾਂ ਵਿੱਚ ਫੈਸਲਾ ਸੁਣਾਇਆ ਗਿਆ ਹੈ। ਸਪਾ ਆਗੂਆਂ ਨੂੰ ਦੋ ਮਾਮਲਿਆਂ ਵਿੱਚ ਬਰੀ ਕਰ ਦਿੱਤਾ ਗਿਆ ਹੈ, ਜਦੋਂਕਿ ਦੋ ਵਿੱਚ ਉਨ੍ਹਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਬਸਤੀ ਵਾਸੀ ਵੱਲੋਂ ਦਾਇਰ ਕੇਸ ਵਿੱਚ ਦੋਵਾਂ ਧਿਰਾਂ ਦੀਆਂ ਦਲੀਲਾਂ ਪੂਰੀਆਂ ਹੋਣ ਤੋਂ ਬਾਅਦ ਸੋਮਵਾਰ ਨੂੰ ਅਦਾਲਤ ਨੇ ਇਸ ਮਾਮਲੇ ਵਿੱਚ ਆਪਣਾ ਫੈਸਲਾ ਸੁਣਾਇਆ। ਇਸ ਤੋਂ ਇਲਾਵਾ ਅਦਾਲਤ ਨੇ ਆਜ਼ਮ ਖਾਨ ਦੇ ਕਰੀਬੀ ਸਾਥੀ ਫਸਾਹਤ ਅਲੀ ਖਾਨ ਸ਼ਾਨੂ, ਇਮਰਾਨ, ਇਕਰਾਮ, ਸ਼ਾਵੇਜ਼ ਖਾਨ ਅਤੇ ਠੇਕੇਦਾਰ ਬਰਕਤ ਅਲੀ ਨੂੰ ਵੀ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਹੈ।