ਵਾਸਿ਼ੰਗਟਨ, 2 ਮਈ (ਪੋਸਟ ਬਿਊਰੋ): ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਵਿਦੇਸ਼ੀਆਂ ਪ੍ਰਤੀ ਨਫਰਤ ਕਾਰਨ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਦੀ ਆਰਥਿਕ ਵਾਧਾ ਦਰ ਮੱਠੀ ਹੈ। ਬਾਇਡਨ ਨੇ ਚੋਣ ਪ੍ਰਚਾਰ ਦੌਰਾਨ ਇਹ ਗੱਲ ਕਹੀ। ਜਾਣਕਾਰੀ ਅਨੁਸਾਰ, ਬਾਇਡਨ ਬੁੱਧਵਾਰ ਨੂੰ ਵਾਸਿ਼ੰਗਟਨ ਵਿੱਚ ਆਪਣੀ ਚੋਣ ਮੁਹਿੰਮ ਲਈ ਫੰਡ ਇਕੱਠਾ ਕਰਨ ਵਾਲੇ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਪ੍ਰਵਾਸੀਆਂ ਦੀ ਮਹੱਤਤਾ 'ਤੇ ਬੋਲਣਾ ਸ਼ੁਰੂ ਕੀਤਾ।
ਬਿਡੇਨ ਨੇ ਕਿਹਾ ਕਿ ਚੀਨ ਦਾ ਆਰਥਿਕ ਵਿਕਾਸ ਪ੍ਰਦਰਸ਼ਨ ਖਰਾਬ ਕਿਉਂ ਹੈ, ਜਾਪਾਨ 'ਚ ਸਮੱਸਿਆਵਾਂ ਕਿਉਂ ਹਨ, ਰੂਸ ਅਤੇ ਭਾਰਤ ਆਰਥਿਕ ਤੌਰ 'ਤੇ ਤੇਜ਼ੀ ਨਾਲ ਵਿਕਾਸ ਕਿਉਂ ਨਹੀਂ ਕਰ ਰਹੇ ਹਨ। ਇਹ ਇਸ ਲਈ ਹੈ ਕਿਉਂਕਿ ਇਹ ਦੇਸ਼ ਵਿਦੇਸ਼ੀਆਂ ਨੂੰ ਨਫ਼ਰਤ ਕਰਦੇ ਹਨ। ਉਹ ਨਹੀਂ ਚਾਹੁੰਦੇ ਕਿ ਪ੍ਰਵਾਸੀ ਉਨ੍ਹਾਂ ਦੇ ਦੇਸ਼ ਜਾਣ। ਜਦੋਂ ਕਿ ਪ੍ਰਵਾਸੀ ਸਾਨੂੰ ਮਜ਼ਬੂਤ ਬਣਾਉਂਦੇ ਹਨ।
ਅਮਰੀਕਾ ਵਿੱਚ ਸਾਲ ਦੇ ਅੰਤ ਵਿੱਚ ਰਾਸ਼ਟਰਪਤੀ ਚੋਣਾਂ ਹੋਣ ਜਾ ਰਹੀਆਂ ਹਨ। ਅਮਰੀਕੀ ਮੀਡੀਆ ਦਿੱਗਜ ਮੁਤਾਬਕ ਬਿਡੇਨ ਦੀ ਡੈਮੋਕ੍ਰੇਟਿਕ ਪਾਰਟੀ ਪ੍ਰਵਾਸੀ ਵੋਟਰਾਂ 'ਤੇ ਨਜ਼ਰ ਰੱਖ ਰਹੀ ਹੈ। ਅਜਿਹੀ ਸਥਿਤੀ ਵਿੱਚ ਪ੍ਰਵਾਸੀਆਂ ਨੂੰ ਲੁਭਾਉਣ ਦਾ ਕੋਈ ਮੌਕਾ ਨਹੀਂ ਛੱਡਿਆ ਜਾ ਰਿਹਾ ਹੈ।
ਬਾਇਡਨ ਨੇ ਵਾਸਿੰ਼ਗਟਨ ਵਿੱਚ ਇਹ ਵੀ ਕਿਹਾ ਕਿ ਅਮਰੀਕਾ ਦੀ ਆਰਥਿਕਤਾ ਦੂਜੇ ਦੇਸ਼ਾਂ ਦੇ ਮੁਕਾਬਲੇ ਤੇਜ਼ੀ ਨਾਲ ਵਧ ਰਹੀ ਹੈ। ਇਸ ਦਾ ਇੱਕ ਕਾਰਨ ਪ੍ਰਵਾਸੀ ਵੀ ਹਨ। ਪ੍ਰਵਾਸੀਆਂ ਨੇ ਸਾਨੂੰ ਮਜ਼ਬੂਤ ਕੀਤਾ ਹੈ। ਅਸੀਂ ਪ੍ਰਵਾਸੀਆਂ ਦਾ ਸਵਾਗਤ ਕਰਦੇ ਹਾਂ।