ਲੰਡਨ, 14 ਮਈ (ਪੋਸਟ ਬਿਊਰੋ): ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਸੋਮਵਾਰ ਨੂੰ ਕਿਹਾ ਕਿ ਦੇਸ਼ ਇਸ ਸਮੇਂ ਸਭ ਤੋਂ ਖਤਰਨਾਕ ਦੌਰ 'ਚੋਂ ਗੁਜ਼ਰ ਰਿਹਾ ਹੈ। ਬ੍ਰਿਟੇਨ 'ਚ ਆਮ ਚੋਣਾਂ ਤੋਂ ਪਹਿਲਾਂ ਲੰਡਨ 'ਚ ਪਾਲਿਸੀ ਐਕਸਚੇਂਜ ਪਲੇਟਫਾਰਮ ਤੋਂ ਜਨਤਾ ਨੂੰ ਸੰਬੋਧਿਤ ਕਰਦੇ ਹੋਏ ਸੁਨਕ ਨੇ ਕਿਹਾ ਕਿ ਦੁਨੀਆਂ ਇਸ ਸਮੇਂ ਪ੍ਰਮਾਣੂ ਯੁੱਧ ਦੇ ਬਹੁਤ ਨੇੜੇ ਹੈ। ਅਜਿਹੇ 'ਚ ਵਿਰੋਧੀ ਨੇਤਾ ਦੁਸ਼ਮਣਾਂ ਦੇ ਸਾਹਮਣੇ ਕਮਜ਼ੋਰ ਸਾਬਤ ਹੋਣਗੇ।
ਸੁਨਕ ਨੇ ਕਿਹਾ ਕਿ ਜੇਕਰ ਲੇਬਰ ਪਾਰਟੀ ਦੇ ਨੇਤਾ ਸਰ ਕੀਰ ਸਟਾਰਮਰ ਇਸ ਸਾਲ ਪ੍ਰਧਾਨ ਮੰਤਰੀ ਦੀ ਚੋਣ ਜਿੱਤ ਜਾਂਦੇ ਹਨ ਤਾਂ ਬਰਤਾਨੀਆ ਦੀ ਸੁਰੱਖਿਆ ਖਤਰੇ ਵਿੱਚ ਪੈ ਜਾਵੇਗੀ। ਦਰਅਸਲ ਲੰਡਨ 'ਚ ਹਾਲ ਹੀ 'ਚ ਹੋਈਆਂ ਮੇਅਰ ਚੋਣਾਂ 'ਚ ਸੁਨਕ ਦੀ ਕੰਜ਼ਰਵੇਟਿਵ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਬਾਅਦ ਉਹ ਇਕ ਵਾਰ ਫਿਰ ਜਨਤਾ ਵਿਚਕਾਰ ਗਏ ਅਤੇ ਸਮਰਥਨ ਮੰਗਿਆ। ਇਸ ਸਾਲ ਦੇ ਅੰਤ 'ਚ ਬ੍ਰਿਟੇਨ 'ਚ ਪ੍ਰਧਾਨ ਮੰਤਰੀ ਲਈ ਚੋਣਾਂ ਹੋਣ ਜਾ ਰਹੀਆਂ ਹਨ।
ਸੁਨਕ ਨੇ ਕਿਹਾ ਕਿ ਬ੍ਰਿਟੇਨ ਨੂੰ ਇਸ ਸਮੇਂ ਰੂਸ, ਚੀਨ, ਈਰਾਨ ਅਤੇ ਉੱਤਰੀ ਕੋਰੀਆ ਤੋਂ ਖਤਰਾ ਹੈ। ਲੇਬਰ ਪਾਰਟੀ ਦੇ ਆਗੂ ਸਾਡੀ ਪਾਰਟੀ ਦੀਆਂ ਕਮੀਆਂ ਵੱਲ ਧਿਆਨ ਦੇ ਕੇ ਸੱਤਾ ਵਿੱਚ ਆਉਣਾ ਚਾਹੁੰਦੇ ਹਨ। ਪਰ ਉਸ ਦਾ ਦੇਸ਼ ਪ੍ਰਤੀ ਸਕਾਰਾਤਮਕ ਨਜ਼ਰੀਆ ਨਹੀਂ ਹੈ।