ਵਾਸਿ਼ੰਗਟਨ, 29 ਅਕਤੂਬਰ (ਪੋਸਟ ਬਿਊਰੋ): ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਸੋਮਵਾਰ ਨੂੰ ਵ੍ਹਾਈਟ ਹਾਊਸ ਵਿਖੇ ਦੀਵਾਲੀ ਦੇ ਜਸ਼ਨਾਂ ਦੀ ਮੇਜ਼ਬਾਨੀ ਕੀਤੀ, ਜਿਸ ਵਿੱਚ ਦੇਸ਼ ਭਰ ਦੇ ਸੰਸਦ ਮੈਂਬਰਾਂ, ਅਧਿਕਾਰੀਆਂ ਅਤੇ ਕਾਰਪੋਰੇਟ ਨੇਤਾਵਾਂ ਸਮੇਤ 600 ਤੋਂ ਵੱਧ ਉੱਘੇ ਭਾਰਤੀ ਅਮਰੀਕੀਆਂ ਨੇ ਸਿ਼ਰਕਤ ਕੀਤੀ। ਬਾਇਡਨ ਨੇ ਵ੍ਹਾਈਟ ਹਾਊਸ ਦੇ ਈਸਟ ਰੂਮ ਵਿੱਚ ਕਿਹਾ ਕਿ ਰਾਸ਼ਟਰਪਤੀ ਹੋਣ ਦੇ ਨਾਤੇ, ਮੈਨੂੰ ਵ੍ਹਾਈਟ ਹਾਊਸ ਵਿੱਚ ਹੁਣ ਤੱਕ ਦੇ ਸਭ ਤੋਂ ਵੱਡੇ ਦੀਵਾਲੀ ਦੇ ਜਸ਼ਨ ਦੀ ਮੇਜ਼ਬਾਨੀ ਕਰਨ ਦਾ ਸਨਮਾਨ ਮਿਲਿਆ ਹੈ। ਇਸ ਦਾ ਮੇਰੇ ਲਈ ਬਹੁਤ ਮਹਤਵ ਸੀ। ਦੱਖਣੀ ਏਸ਼ੀਆਈ ਅਮਰੀਕੀ ਸੈਨੇਟਰ, ਉਪ ਰਾਸ਼ਟਰਪਤੀ ਅਤੇ ਰਾਸ਼ਟਰਪਤੀ ਦੇ ਰੂਪ ਵਿੱਚ ਮੇਰੇ ਸਟਾਫ ਦੇ ਮੁੱਖ ਮੈਂਬਰ ਰਹੇ ਹਨ।
ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਬਾਇਡਨ ਦੀ ਪਤਨੀ ਜਿਲ ਬਾਇਡਨ ਚੋਣ ਪ੍ਰਚਾਰ ਵਿਚ ਰੁੱਝੇ ਹੋਣ ਕਾਰਨ ਇਸ ਸਮਾਗਮ ਵਿਚ ਸ਼ਾਮਿਲ ਨਹੀਂ ਹੋ ਸਕੇ। ਬਾਇਡਨ ਦੇ ਭਾਸ਼ਣ ਤੋਂ ਪਹਿਲਾਂ ਅਮਰੀਕੀ ਸਰਜਨ ਜਨਰਲ ਵਾਈਸ ਐਡਮਿਰਲ ਵਿਵੇਕ ਐੱਚ ਮੂਰਤੀ, ਸੇਵਾਮੁਕਤ ਜਲ ਸੈਨਾ ਅਧਿਕਾਰੀ ਅਤੇ ਨਾਸਾ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ 'ਭਾਰਤੀ-ਅਮਰੀਕੀ ਨੌਜਵਾਨ ਕਾਰਕੁਨ' ਸ਼ਰੂਤੀ ਅਮੁਲਾ ਨੇ ਵੀ ਸਮਾਰੋਹ ਨੂੰ ਸੰਬੋਧਨ ਕੀਤਾ। ਇਸ ਦੌਰਾਨ ਸੁਨੀਤਾ ਨੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਰਿਕਾਰਡ ਕੀਤਾ ਇੱਕ ਵੀਡੀਓ ਸੰਦੇਸ਼ ਭੇਜਿਆ। ਵ੍ਹਾਈਟ ਹਾਊਸ ਦੇ 'ਬਲੂ ਰੂਮ' 'ਚ ਰਸਮੀ ਤੌਰ 'ਤੇ ਦੀਵਾ ਜਗਾਉਂਦੇ ਹੋਏ ਬਾਇਡਨ ਨੇ ਕਿਹਾ ਕਿ ਦੱਖਣੀ ਏਸ਼ੀਆਈ ਅਮਰੀਕੀ ਭਾਈਚਾਰੇ ਨੇ ਅਮਰੀਕੀ ਜੀਵਨ ਦੇ ਹਰ ਹਿੱਸੇ ਨੂੰ ਖੁਸ਼ਹਾਲ ਕੀਤਾ ਹੈ।