ਗਾਜ਼ਾ, 15 ਮਈ (ਪੋਸਟ ਬਿਊਰੋ): ਸੰਯੁਕਤ ਰਾਸ਼ਟਰ (ਯੂਐਨ) ਏਜੰਸੀ ਲਈ ਕੰਮ ਕਰ ਰਹੇ ਇੱਕ ਸਾਬਕਾ ਭਾਰਤੀ ਸਿਪਾਹੀ ਦੀ ਸੋਮਵਾਰ (13 ਮਈ) ਨੂੰ ਗਾਜ਼ਾ ਵਿੱਚ ਇਜ਼ਰਾਈਲ-ਹਮਾਸ ਯੁੱਧ ਦੌਰਾਨ ਮੌਤ ਹੋ ਗਈ। ਸਾਬਕਾ ਫੌਜੀ ਦਾ ਨਾਂ ਕਰਨਲ ਵੈਭਵ ਅਨਿਲ ਕਾਲੇ ਸੀ, ਜੋ ਨਾਗਪੁਰ ਦਾ ਰਹਿਣ ਵਾਲਾ ਸੀ।
ਸੰਯੁਕਤ ਰਾਸ਼ਟਰ ਦੀ ਏਜੰਸੀ 'ਚ ਸ਼ਾਮਿਲ ਹੋਣ ਤੋਂ ਪਹਿਲਾਂ ਉਹ ਜੰਮੂ-ਕਸ਼ਮੀਰ ਰਾਈਫਲਜ਼ 'ਚ ਤਾਇਨਾਤ ਸਨ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਵੈਭਵ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ। ਮੰਤਰਾਲੇ ਨੇ ਕਾਲੇ ਦੇ ਪਰਿਵਾਰ ਪ੍ਰਤੀ ਹਮਦਰਦੀ ਪ੍ਰਗਟ ਕਰਦੇ ਹੋਏ ਇੱਕ ਬਿਆਨ ਜਾਰੀ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਸਰਕਾਰ ਵੈਭਵ ਦੀ ਲਾਸ਼ ਨੂੰ ਭਾਰਤ ਲਿਆਉਣ ਲਈ ਲਗਾਤਾਰ ਸੰਯੁਕਤ ਰਾਸ਼ਟਰ ਦੇ ਸੰਪਰਕ ਵਿੱਚ ਹੈ। ਸੰਯੁਕਤ ਰਾਸ਼ਟਰ ਨੇ ਵੀ ਇਸ ਮਾਮਲੇ 'ਤੇ ਦੁੱਖ ਪ੍ਰਗਟ ਕੀਤਾ ਹੈ। ਵੈਭਵ ਦੀ ਮੌਤ ਉਸ ਸਮੇਂ ਹੋ ਗਈ ਜਦੋਂ ਉਹ ਰਾਫਾ ਵਿੱਚ ਮਨੁੱਖੀ ਸਹਾਇਤਾ ਪਹੁੰਚਾ ਰਿਹਾ ਸੀ। ਇਸ ਦੌਰਾਨ ਇਕ ਇਜ਼ਰਾਈਲੀ ਟੈਂਕ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ।
ਕਰਨਲ ਵੈਭਵ ਅਨਿਲ ਕਾਲੇ ਨੇ 2022 ਵਿੱਚ ਭਾਰਤੀ ਫੌਜ ਤੋਂ ਰਿਟਾਇਰਮੈਂਟ ਲੈ ਲਈ ਸੀ। ਉਹ ਤਿੰਨ ਹਫ਼ਤੇ ਪਹਿਲਾਂ ਹੀ ਸੰਯੁਕਤ ਰਾਸ਼ਟਰ ਦੇ ਸੁਰੱਖਿਆ ਵਿਭਾਗ ਵਿੱਚ ਸ਼ਾਮਿਲ ਹੋਏ ਸਨ। 46 ਸਾਲਾ ਵੈਭਵ ਅਪ੍ਰੈਲ 1998 'ਚ ਭਾਰਤੀ ਫੌਜ 'ਚ ਭਰਤੀ ਹੋਇਆ ਸੀ। ਉਸਨੇ 2009 ਤੋਂ 2010 ਤੱਕ ਸੰਯੁਕਤ ਰਾਸ਼ਟਰ ਵਿੱਚ ਮੁੱਖ ਸੁਰੱਖਿਆ ਅਧਿਕਾਰੀ ਵਜੋਂ ਕੰਮ ਕੀਤਾ।