ਬ੍ਰਾਤਿਸਲਾਵਾ, 16 ਮਈ (ਪੋਸਟ ਬਿਊਰੋ): ਯੂਰਪੀ ਦੇਸ਼ ਸਲੋਵਾਕੀਆ ਦੇ ਪ੍ਰਧਾਨ ਮੰਤਰੀ ਰੌਬਰਟ ਫਿਕੋ (56) 'ਤੇ ਬੁੱਧਵਾਰ ਨੂੰ 71 ਸਾਲਾ ਵਿਅਕਤੀ ਨੇ ਜਾਨਲੇਵਾ ਹਮਲਾ ਕਰ ਦਿੱਤਾ। ਹਮਲਾਵਰ ਨੇ ਉਨ੍ਹਾਂ ਨੂੰ 5 ਗੋਲੀਆਂ ਮਾਰੀਆਂ, ਇਕ ਗੋਲੀ ਫਿਕੋ ਦੇ ਪੇਟ ਵਿਚ ਲੱਗੀ। ਪ੍ਰਧਾਨ ਮੰਤਰੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਸਾਢੇ ਤਿੰਨ ਘੰਟੇ ਤੱਕ ਉਨ੍ਹਾਂ ਦੀ ਸਰਜਰੀ ਹੋਈ।
ਸਲੋਵਾਕੀਆ ਦੇ ਉਪ ਪ੍ਰਧਾਨ ਮੰਤਰੀ ਥਾਮਸ ਤਾਰਾਬਾ ਨੇ ਕਿਹਾ ਕਿ ਫਿਕੋ ਦਾ ਆਪਰੇਸ਼ਨ ਹੋਇਆ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਹਮਲੇ ਤੋਂ ਉਭਰਨਗੇ। ਉਨ੍ਹਾਂ ਦੀ ਜਾਨ ਖਤਰੇ ਤੋਂ ਬਾਹਰ ਹੈ। ਗ੍ਰਹਿ ਮੰਤਰੀ ਮੈਟਿਊਜ਼ ਸੁਤਾਜ ਐਸਟੋਕ ਨੇ ਕਿਹਾ ਕਿ ਹਮਲਾਵਰ ਇਕ ਲੇਖਕ ਹੈ।
ਫਿਕੋ ਹਿੰਡਾਲੋਵਾ ਵਿੱਚ ਇੱਕ ਸਰਕਾਰੀ ਮੀਟਿੰਗ ਵਿੱਚ ਸਨ। ਜਦੋਂ ਉਹ ਮੀਟਿੰਗ ਤੋਂ ਬਾਹਰ ਆਏ ਤਾਂ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਗਿਆ। ਪੁਲਸ ਨੇ ਹਮਲਾਵਰ ਨੂੰ ਮੌਕੇ 'ਤੇ ਹੀ ਫੜ੍ਹ ਲਿਆ ਅਤੇ ਉਸ ਨੂੰ ਹੱਥਕੜੀ ਲਗਾ ਦਿੱਤੀ।