ਟੋਰਾਂਟੋ, 28 ਮਾਰਚ (ਪੋਸਟ ਬਿਊਰੋ) : ਟੋਰਾਂਟੋ ਪੁਲਿਸ ਨੇ ਦੱਸਿਆ ਕਿ ਇੱਕ ਵਿਅਕਤੀ ਵੇਚਣ ਲਈ ਲਾਈ ਗਈ ਜੀਪ ਖਰੀਦਣ ਦੇ ਇਰਾਦੇ ਨਾਲ ਆਇਆ ਪਰ ਟੈਸਟ ਡਰਾਈਵ ਲੈਣ ਗਿਆ ਕਦੇ ਮੁੜਿਆ ਹੀ ਨਹੀਂ।
ਇਹ ਘਟਨਾ 11 ਮਾਰਚ, 2024 ਨੂੰ ਐਲਨ ਰੋਡ ਤੇ ਰਿਮਰੌਕ ਰੋਡ ਏਰੀਆ ਵਿੱਚ ਦੁਪਹਿਰੇ 3:00 ਵਜੇ ਵਾਪਰੀ। ਜਾਂਚਕਾਰਾਂ ਨੇ ਦੱਸਿਆ ਕਿ ਮਸ਼ਕੂਕ ਨੇ ਸੇਲ ਉੱਤੇ ਲਾਈ ਗਈ ਜੀਪ ਗ੍ਰੈਂਡ ਵੈਗਨੀਅਰ ਦੀ ਟੈਸਟ ਡਰਾਈਵ ਲੈਣ ਲਈ ਇੱਕ ਵਿਅਕਤੀ ਨਾਲ ਸੰਪਰਕ ਕੀਤਾ। ਫਿਰ ਜਦੋਂ ਉਹ ਮਸ਼ਕੂਕ ਜੀਪ ਦੀ ਟੈਸਟ ਡਰਾਈਵ ਲੈਣ ਲਈ ਗੱਡੀ ਵਿੱਚ ਬੈਠਿਆਂ ਤਾਂ ਇਸ ਤੋਂ ਪਹਿਲਾਂ ਕਿ ਦੂਜਾ ਵਿਅਕਤੀ ਜੀਪ ਵਿੱਚ ਪੈਸੈਂਜਰ ਵਾਲੀ ਸੀਟ ਉੱਤੇ ਬੈਠ ਪਾਉਂਦਾ ਉਸ ਨੇ ਗੱਡੀ ਭਜਾ ਲਈ।
ਮਸ਼ਕ੍ਵਕ ਨੇ ਗੱਡੀ ਮੋੜੀ ਹੀ ਨਹੀਂ। ਜਾਰੀ ਕੀਤੇ ਗਏ ਵੇਰਵੇ ਅਨੁਸਾਰ ਮਸ਼ਕੂਕ ਦੇ ਨਿੱਕੇ ਕਾਲੇ ਵਾਲ, ਮੁੱਛਾਂ ਤੇ ਦਾੜ੍ਹੀ ਹਨ ਤੇ ਉਸ ਦੇ ਕਾਲੇ ਆਈਬ੍ਰੋਅ ਹਨ। ਪੁਲਿਸ ਨੇ ਦੱਸਿਆ ਕਿ ਉਸ ਨੇ ਗੱਡੀ ਚੋਰੀ ਕਰਨ ਸਮੇਂ ਐਨਕਾਂ ਲਾਈਆਂ ਹੋਈਆਂ ਸਨ, ਕਾਲੇ ਜੁੱਤੇ ਪਾਏ ਹੋਏ ਸਨ ਤੇ ਖਾਖੀ ਪੈਂਟ ਦੇ ਨਾਲ ਨਾਲ ਗ੍ਰੇਅ ਹੁਡੀ ਤੇ ਕਾਲੀ ਨਾਈਕੀ ਦੀ ਜੈਕੇਟ ਪਾਈ ਹੋਈ ਸੀ, ਜਿਸ ਦੇ ਪਿਛਲੇ ਪਾਸੇ ਸੰਤਰੀ ਰੰਗ ਨਾਲ ਸਵੂਛ ਲਿਖਿਆ ਸੀ।