ਓਨਟਾਰੀਓ, 23 ਅਪਰੈਲ (ਪੋਸਟ ਬਿਊਰੋ) : ਪੁਲਿਸ ਅਧਿਕਾਰੀਆਂ ਵੱਲੋਂ ਨਿਊਮਾਰਕਿਟ ਤੇ ਰਿਚਮੰਡ ਹਿੱਲ ਉੱਤੇ ਸਰਚ ਵਾਰੰਟ ਕਢਵਾ ਕੇ ਮਾਰੇ ਗਏ ਛਾਪਿਆਂ ਤੋਂ ਬਾਅਦ ਤਿੰਨ ਭਰਾਵਾਂ ਨੂੰ ਚਾਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਇਸ ਦੌਰਾਨ ਵੱਡੀ ਮਾਤਰਾ ਵਿੱਚ ਗੈਰਕਾਨੂੰਨੀ ਹਥਿਆਰ ਤੇ ਕੋਕੀਨ ਤੇ ਫੈਂਟਾਨਿਲ ਸਮੇਤ ਕਈ ਹੋਰ ਗੈਰਕਾਨੂੰਨੀ ਨਸ਼ੇ ਬਰਾਮਦ ਹੋਏ ਹਨ।
ਜਾਂਚ 19 ਅਪਰੈਲ, 2024 ਨੂੰ ਉਸ ਸਮੇਂ ਸ਼ੁਰੂ ਹੋਈ ਜਦੋਂ ਨਸੇ਼ ਦੀ ਲੋਰ ਵਿੱਚ ਗੱਡੀ ਚਲਾ ਰਹੇ ਇੱਕ ਵਿਅਕਤੀ ਨੂੰ ਪੁਲਿਸ ਨੇ ਨਿਊਮਾਰਕਿਟ ਕੋਲ ਟਰੈਫਿਕ ਸਟੌਪ ਦੌਰਾਨ ਰੋਕਿਆ। ਪੁਲਿਸ ਰਲੀਜ਼ ਵਿੱਚ ਦੱਸਿਆ ਗਿਆ ਕਿ ਡਰਾਈਵਰ ਨੂੰ ਨਸ਼ਾ ਕਰਕੇ ਗੱਡੀ ਚਲਾਉਣ ਲਈ ਗ੍ਰਿਫਤਾਰ ਕੀਤਾ ਗਿਆ ਤੇ ਉਸ ਕੋਲੋਂ ਕੋਕੀਨ ਵੀ ਬਰਾਮਦ ਹੋਈ। ਅਗਲੇਰੀ ਜਾਂਚ ਲਈ ਪੁਲਿਸ ਨੇ ਦੋ ਪਤਿਆਂ ਵਾਸਤੇ ਸਰਚ ਵਾਰੰਟ ਕਢਵਾ ਲਏ। ਇਨ੍ਹਾਂ ਥਾਂਵਾਂ ਉੱਤੇ ਮਾਰੇ ਗਏ ਛਾਪਿਆਂ ਦੌਰਾਨ ਪੁਲਿਸ ਨੂੰ 12 ਲਾਂਗ ਗੰਨਜ਼, ਚਾਰ ਹੈਂਡਗੰਨਜ਼, ਦੋ ਐਕਸਟੈਂਡਿਡ ਮੈਗਜ਼ੀਨ ਤੇ ਇਸ ਦੇ ਨਾਲ ਹੀ ਕਈ ਤਰ੍ਹਾਂ ਦੇ ਡਰੱਗਜ਼ ਬਰਾਮਦ ਹੋਏ ਜਿਨ੍ਹਾਂ ਦੀ ਬਾਜ਼ਾਰ ਵਿੱਚ ਕੀਮਤ 60,000 ਡਾਲਰ ਹੈ।
ਨਿਊਮਾਰਕਿਟ ਦੇ 25 ਸਾਲਾ ਮਾਰਕਸ ਬੋਰੋਵਸਕੀ ਖਿਲਾਫ ਸੱਭ ਤੋਂ ਵੱਧ ਚਾਰਜਿਜ਼ ਲਾਏ ਗਏ ਹਨ। ਉਸ ਦੇ 23 ਸਾਲਾ ਭਰਾ ਮੈਥਿਊ ਬੋਰੋਵਸਕੀ ਤੇ 27 ਸਾਲਾ ਭਰਾ ਜੋਸ਼ੂਆ ਬੋਰੋਵਸਕੀ,ਦੋਵੇਂ ਹੀ ਰਿਚਮੰਡ ਹਿੱਲ ਰਹਿੰਦੇ ਹਨ, ਤੇ ਉਨ੍ਹਾਂ ਖਿਲਾਫ ਵੀ ਚਾਰਜਿਜ਼ ਲਾਏ ਗਏ ਹਨ।