ਬਰੈਂਪਟਨ, 24 ਅਪ੍ਰੈਲ (ਡਾ. ਬਲਜਿੰਦਰ ਸਿੰਘ ਸੇਖੋਂ): ਤਰਕਸ਼ੀਲ ਸੁਸਾਇਟੀ ਕੈਨੇਡਾ ਦੀ ਓਂਟਾਰੀਓ ਇਕਾਈ ਦੇ ਬੀਤੇ ਐਤਵਾਰ ਹੋਏ ਜਨਰਲ ਇਜਲਾਸ ਵਿੱਚ ਜਿੱਥੇ ਪਿਛਲੇ ਦੋ ਸਾਲਾਂ ਦੇ ਕੰਮਕਾਜ `ਤੇ ਚਰਚਾ ਹੋਈ ਉਸ ਦੇ ਨਾਲ ਹੀ ਨਵੀਂ ਕਾਰਜਕਰਨੀ ਅਤੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਜਸਵੀਰ ਚਾਹਿਲ ਪ੍ਰਧਾਨ, ਅਮਰਦੀਪ ਜਨਰਲ ਸਕੱਤਰ, ਬਲਰਾਜ ਸ਼ੌਕਰ ਮੀਤ ਪ੍ਰਧਾਨ, ਨਿਰਮਲ ਸੰਧੂ ਖਜ਼ਾਨਚੀ ਅਤੇ ਬਲਜਿੰਦਰ ਭੁਲਰ ਸਹਾਇਕ ਸਕੱਤਰ ਚੁਣੇ ਗਏ। ਬਲਵਿੰਦਰ ਬਰਨਾਲਾ, ਡਾ ਬਲਜਿੰਦਰ ਸੇਖੋਂ, ਬਲਦੇਵ ਰਹਿਪਾ, ਨਵਕਿਰਨ ਸਿੱਧੂ, ਬਲਰਾਜ ਸ਼ੌਕਰ ਅਤੇ ਸੋਹਣ ਢੀਂਡਸਾ 21 ਮਈ 2024 ਨੂੰ ਹੋਣ ਵਾਲੇ ਕੌਮੀ ਜਨਰਲ ਇਜਲਾਸ ਲਈ ਡੈਲੀਗੇਟ ਨਾਮਜ਼ਦ ਕੀਤੇ ਗਏ। ਜਸਵੀਰ ਚਹਿਲ ਅਤੇ ਅਮਰਦੀਪ ਕੌਮੀ ਇਜਲਾਸ ਵਿੱਚ ਦਰਸ਼ਕ ਦੇ ਤੌਰ ਤੇ ਸ਼ਿਰਕਤ ਕਰਨਗੇ। ਇਹ ਚੋਣ ਸਰਬਸੰਮਤੀ ਨਾਲ ਪ੍ਰਧਾਨਗੀ ਮੰਡਲ ਜਿਸ ਵਿੱਚ ਡਾ ਬਲਜਿੰਦਰ ਸਖੋਂ, ਬਲਵਿੰਦਰ ਬਰਨਾਲਾ, ਬਲਰਾਜ ਸ਼ੌਕਰ ਅਤੇ ਬਲਦੇਵ ਰਹਿਪਾ ਸ਼ਾਮਿਲ ਸਨ ਦੀ ਦੇਖ ਰੇਖ ਵਿੱਚ ਹੋਈ। ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਮੈਂਬਰਾਂ ਨੇ ਸ਼ਮੂਲੀਅਤ ਕੀਤੀ।
ਇਜਲਾਸ ਸਮੇਂ ਜਿਥੇ ਪੁਰਾਣੇ ਮੈਂਬਰਾਂ ਨੇ ਅਗਲੇ ਦੋ ਸਾਲ ਲਈ ਅਪਣੀ ਮੈਂਬਰਸ਼ਿਪ ਨਵਿਆਈ, ਉਥੇ ਇਸ ਵਾਰ ਨਵੇਂ ਮੈਂਬਰ ਵੀ ਸ਼ਾਮਿਲ ਹੋਏ। ਪ੍ਰੋਗਰਾਮ ਦੇ ਸ਼ੁਰੂ ਵਿੱਚ ਸਦਾ ਲਈ ਵਿੱਛੜੇ ਸਾਥੀਆਂ ਨੂੰ ਸ਼ਰਧਾਂਜਲੀ ਦਿੰਦਿਆਂ ਇੱਕ ਮਿੰਟ ਦਾ ਮੌਨ ਰੱਖਿਆ ਗਿਆ। ਇਸ ਉਪਰੰਤ ਸਕੱਤਰ ਅਮਰਦੀਪ ਨੇ ਬੀਤੇ ਦੋ ਸਾਲ ਵਿੱਚ ਸੋਸਾਇਟੀ ਵਲੋਂ ਕੀਤੇ ਕੰਮਾਂ ਦਾ ਵੇਰਵਾ ਮੈਂਬਰਾਂ ਨਾਲ ਸਾਂਝਾ ਕੀਤਾ ਜਿਸ ਨੂੰ ਸਭ ਵਲੋਂ ਸਰਾਹਿਆ ਗਿਆ। ਇਨ੍ਹਾਂ ਦੋ ਸਾਲਾਂ ਦੌਰਾਨ ਇਕੱਠੇ ਕੀਤੇ ਫੰਡ ਅਤੇ ਖਰਚ ਦਾ ਹਿਸਾਬ ਕਿਤਾਬ ਵੀ ਵਿਸਥਾਰ ਵਿੱਚ ਦੱਸਿਆ ਗਿਆ। ਸੁਸਾਇਟੀ ਵਹਿਮਾਂ ਭਰਮਾਂ ਦੇ ਖਿਲਾਫ ਪ੍ਰਚਾਰ ਕਰਨ ਦੇ ਨਾਲ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੀ ਸੋਚ ਤੇ ਪਹਿਰਾ ਦਿੰਦਿਆਂ, ਚੰਗੇ, ਲੁੱਟ ਰਹਿਤ ਸਮਾਜ ਦੀ ਸਿਰਜਣਾ ਲਈ ਕੀਤੇ ਜਾਂਦੇ ਉਪਰਾਲਿਆਂ ਵਿੱਚ ਵੀ ਅਗਾਂਹਵਧੂ ਜਥੇਬੰਦੀਆਂ ਦੇ ਯਤਨਾ ਵਿੱਚ ਸਹਿਯੋਗ ਦਿੰਦੀ ਰਹਿੰਦੀ ਹੈ। ਸੋਸਾਇਟੀ ਬਾਰੇ ਹੋਰ ਜਾਣਕਾਰੀ ਲਈ, ਅਮਨਦੀਪ ਮੰਡੇਰ (647 782 8334) ਜਾਂ ਜਸਵੀਰ ਚਹਿਲ (416 820 6800) ਨਾਲ ਸੰਪਰਕ ਕੀਤਾ ਜਾ ਸਕਦਾ ਹੈ।