ਟੋਰਾਂਟੋ, 20 ਮਾਰਚ (ਪੋਸਟ ਬਿਊਰੋ) : ਇਸ ਵਾਰੀ ਬਸੰਤ ਦਾ ਮੌਸਮ ਆ ਵੀ ਗਿਆ ਹੈ ਪਰ ਇਸ ਦੇ ਨਾਲ ਹੀ ਮੌਸਮ ਨਾਲ ਜੂੜੇ ਕਈ ਤਰ੍ਹਾਂ ਦੇ ਨਵੇਂ ਰੁਝਾਨ ਤੇ ਪੈਟਰਨ ਵੇਖਣ ਨੂੰ ਮਿਲੇ ਹਨ। ਕੈਨੇਡਾ ਵਿੱਚ ਇਸ ਵਾਰੀ ਸਿਆਲ ਸੱਭ ਤੋਂ ਨਿੱਘੇ ਮੰਨੇ ਗਏ ਹਨ।
ਮੌਸਮ ਵਿੱਚ ਇਸ ਤਪਿਸ਼ ਬਾਰੇ ਐਨਵਾਇਰਮੈਂਟ ਤੇ ਕਲਾਈਮੇਟ ਚੇਂਜ ਕੈਨੇਡਾ ਵੱਲੋਂ ਜਾਰੀ ਕੀਤੇ ਗਏ ਅੰਕੜੇ ਕਾਫੀ ਘੱਟ ਵੇਖਣ ਨੂੰ ਮਿਲਦੇ ਹਨ। ਐਨਵਾਇਰਮੈਂਟ ਐਂਡ ਕਲਾਈਮੇਟ ਚੇਂਜ ਕੈਨੇਡਾ ਦੇ ਸੀਨੀਅਰ ਕਲਾਇਮੇਟੌਲੋਜਿਸਟ ਡੇਵਿਡ ਫਿਲਿਪ ਨੇ ਆਖਿਆ ਕਿ ਸੱਭ ਤੋਂ ਪਹਿਲਾਂ ਮੌਸਮ ਉੱਤੇ ਅਲ ਨੀਨੋ ਦਾ ਅਸਰ ਪਿਆ। ਇਹ ਕਾਫੀ ਪਹਿਲਾਂ ਹੀ ਆ ਗਿਆ ਤੇ ਜਿਸ ਕਾਰਨ ਦਸੰਬਰ ਤੇ ਫਰਵਰੀ ਵਿੱਚ ਠੰਢ ਘੱਟ ਮਹਿਸੂਸ ਹੋਈ। ਫਿਰ ਲੋਕਾਂ ਨੇ ਸੋਚਿਆ ਕਿ ਨਵੇਂ ਸਾਲ ਵਿੱਚ ਠੰਢ ਵੱਧਣ ਦੀ ਸੰਭਾਵਨਾ ਹੈ ਪਰ ਅਜਿਹਾ ਨਹੀਂ ਹੋਇਆ।
ਫਿਲਿਪਸ ਨੇ ਦੱਸਿਆ ਕਿ ਇਸ ਵਾਰੀ ਸਮੁੰਦਰਾਂ ਦਾ ਪਾਣੀ ਵੀ ਮੁਕਾਬਲਤਨ ਘੱਟ ਠੰਢਾ ਰਿਹਾ। ਉਨ੍ਹਾਂ ਆਖਿਆ ਕਿ ਇਹ ਕਲਾਈਮੇਟ ਚੇਂਜ ਦਾ ਹੀ ਅਸਰ ਹੈ। ਫਿਲਿਪਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਕੈਨੇਡਾ ਦਾ ਤਾਪਮਾਨ ਇਸ ਵਾਰੀ 5 ਡਿਗਰੀ ਸੈਲਸੀਅਸ ਤੱਕ ਨਿੱਘਾ ਰਿਹਾ।ਪਿਛਲੇ ਸਾਲ ਲੱਗੀ ਜੰਗਲ ਦੀ ਅੱਗ ਦਾ ਵੀ ਮੌਸਮ ਉੱਤੇ ਨਕਾਰਾਤਮਕ ਅਸਰ ਪਿਆ ਦੱਸਿਆ ਜਾਂਦਾ ਹੈ।ਫਿਲਿਪਸ ਨੇ ਆਖਿਆ ਕਿ ਇਸ ਵਾਰੀ ਅਪਰੈਲ, ਮਈ ਤੇ ਜੂਨ ਆਮ ਨਾਲੋਂ ਗਰਮ ਰਹਿਣਗੇ।