ਇਟੋਬੀਕੋ, 20 ਮਾਰਚ (ਪੋਸਟ ਬਿਊਰੋ) : ਮੰਗਲਵਾਰ ਦੁਪਹਿਰ ਨੂੰ ਇਟੋਬੀਕੋ ਵਿੱਚ ਦੋ ਅਲਾਰਮ ਵਾਲੀ ਅੱਗ ਲੱਗਣ ਕਾਰਨ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ।
ਟੋਰਾਂਟੋ ਫਾਇਰ ਸਰਵਿਸਿਜ਼ ਨੂੰ ਦੁਪਹਿਰੇ 4:00 ਵਜੇ ਤੋਂ ਪਹਿਲਾਂ ਕਾਲ ਮਿਲੀ ਜਿਸ ਵਿੱਚ ਦੱਸਿਆ ਗਿਆ ਕਿ ਬੈਲਫੀਲਡ ਤੇ ਮਾਰਟਿਨ ਗ੍ਰੋਵ ਰੋਡਜ਼ ਨੇੜੇ ਆਇਰਨ ਸਟਰੀਟ ਉੱਤੇ ਇੱਕ ਬਿਲਡਿੰਗ ਵਿੱਚ ਅੱਗ ਲੱਗ ਗਈ ਹੈ। ਅਮਲੇ ਦੇ ਮੌਕੇ ਉੱ਼ਤੇ ਪਹੁੰਚਣ ਉੱਤੇ ਉਨ੍ਹਾਂ ਨੂੰ ਬਿਲਡਿੰਗ ਵਿੱਚੋਂ ਕਾਫੀ ਧੂੰਆਂ ਆਉਂਦਾ ਨਜ਼ਰ ਆਇਆ ਪਰ ਉਨ੍ਹਾਂ ਵੱਲੋਂ ਜਲਦ ਹੀ ਅੱਗ ਉੱਤੇ ਕਾਬੂ ਪਾ ਲਿਆ ਗਿਆ। ਇਸ ਸਾਰੀ ਸਥਿਤੀ ਉੱਤੇ ਨਜ਼ਰ ਰੱਖਣ ਲਈ ਫਾਇਰ ਟਰੱਕਸ ਮੌਕੇ ਉੱਤੇ ਬਣੇ ਰਹੇ।
ਪੈਰਾਮੈਡਿਕਸ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇੱਕ ਵਿਅਕਤੀ, ਜੋ ਕਿ ਆਪਣੇ 50ਵਿਆਂ ਵਿੱਚ ਸੀ, ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਮਾਮੂਲੀ ਜ਼ਖ਼ਮਾਂ ਲਈ ਉਸ ਦਾ ਇਲਾਜ ਕੀਤਾ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।