ਓਨਟਾਰੀਓ, 19 ਮਾਰਚ (ਪੋਸਟ ਬਿਊਰੋ) : ਵੱਡੀ ਪੱਧਰ ਉੱਤੇ ਆਟੋ ਸਕੈਮ ਨਾਲ ਜੁੜੇ ਤੇ ਚਾਰਜ ਕੀਤੇ ਗਏ ਵਿਅਕਤੀ ਦੀ ਭੈਣ ਨੂੰ ਵੀ ਜਾਅਲੀ ਦਸਤਾਵੇਜ਼ ਬਣਾ ਕੇ ਚੋਰੀ ਦੀਆਂ ਗੱਡੀਆਂ ਵੇਚਣ ਦੇ ਸਬੰਧ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਸ ਖਿਲਾਫ ਵੀ ਕਈ ਚਾਰਜਿਜ਼ ਲਾਏ ਗਏ ਹਨ।
ਮੰਗਲਵਾਰ ਨੂੰ ਜਾਰੀ ਕੀਤੀ ਇੱਕ ਰਲੀਜ਼ ਵਿੱਚ ਪੀਲ ਰੀਜਨਲ ਪੁਲਿਸ ਨੇ ਆਖਿਆ ਕਿ ਉਨ੍ਹਾਂ ਵੱਲੋਂ ਬਰੈਂਪਟਨ ਦੀ ਮੌਨੀਫਾ ਟੈਫ-ਹਿਲਟਨ ਨੂੰ 36 ਮਾਮਲਿਆਂ ਵਿੱਚ ਚਾਰਜ ਕੀਤਾ ਗਿਆ ਹੈ। 7 ਮਾਰਚ ਨੂੰ ਉਸ ਦੇ ਭਰਾ ਮਿਲਟਨ ਹਿਲਟਨ, ਜੋ ਕਿ ਗੈਰਲਾਇਸੰਸਸ਼ੁਦਾ ਕਾਰ ਡੀਲਰ ਦਾ ਮਾਲਕ ਤੇ ਬ੍ਰੋਕਰ ਹੈ, ਨੂੰ ਆਟੋ ਕ੍ਰਾਈਮ ਨਾਲ ਜੁੜੇ 168 ਮਾਮਲਿਆਂ ਵਿੱਚ ਚਾਰਜ ਕੀਤਾ ਗਿਆ ਸੀ।ਪੁਲਿਸ ਨੇ ਦੋਸ਼ ਲਾਇਆ ਕਿ ਉਸ ਨੇ ਪ੍ਰੋਵਿੰਸ ਭਰ ਵਿੱਚ ਟਰਾਂਸਪੋਰਟੇਸ਼ਨ ਮੰਤਰਾਲੇ (ਐਮਟੀਓ) ਤੇ ਸਰਵਿਸ ਓਨਟਾਰੀਓ ਰਾਹੀਂ ਜੂਨ 2023 ਤੇ 2024 ਦੇ ਸ਼ੁਰੂ ਦਰਮਿਆਨ 100 ਗੱਡੀਆਂ ਦਾ ਜਾਅਲੀ ਲੈਣ ਦੇਣ ਕੀਤਾ।
ਜਾਂਚਕਾਰਾਂ ਦਾ ਕਹਿਣਾ ਹੈ ਕਿ ਇਸ ਕਥਿਤ ਸਕੈਮ ਵਿੱਚ ਸਰਵਿਸ ਓਨਟਾਰੀਓ ਦੇ ਕੰਮਕਾਜ ਦੀਆਂ ਚੋਰ ਮੋਰੀਆਂ ਦੀ ਵਰਤੋਂ ਕਰਕੇ ਫਾਇਦਾ ਚੁੱਕਿਆ ਗਿਆ।ਇਨ੍ਹਾਂ ਚੋਰ ਮੋਰੀਆਂ ਦੀ ਵਰਤੋਂ ਕਰਕੇ ਮਸ਼ਕੂਕਾਂ ਨੇ ਰੀ-ਵਿੰਨ ਗੱਡੀਆਂ ਰਜਿਸਟਰ ਕਰਵਾਈਆਂ।ਚੋਰੀ ਦੀ ਗੱਡੀ ਦੇ ਵਿੰਨ ਨੂੰ ਜਾਇਜ਼ ਦਿਖਾਉਣ ਲਈ ਉਸ ਵਿੱਚ ਫੇਰਬਦਲ ਕੀਤਾ ਜਾਂਦਾ ਹੈ, ਜਿਸ ਨੂੰ ਰੀ-ਵਿੰਨ ਆਖਿਆ ਜਾਂਦਾ ਹੈ। ਜਾਂਚਕਾਰਾਂ ਨੇ ਦੱਸਿਆ ਕਿ ਕਈ ਗੱਡੀਆਂ ਲੋਕੇਟ ਕਰ ਲਈਆਂ ਗਈਆਂ ਹਨ ਤੇ ਉਨ੍ਹਾਂ ਦੇ ਚੋਰੀ ਹੋਣ ਦੀ ਪੁਸ਼ਟੀ ਵੀ ਹੋ ਚੁੱਕੀ ਹੈ ਪਰ ਵੱਡੀ ਗਿਣਤੀ ਵਿੱਚ ਅਜਿਹੀਆਂ ਗੱਡੀਆਂ ਅਜੇ ਵੀ ਸੜਕਾਂ ਉੱਤੇ ਚੱਲ ਰਹੀਆਂ ਹਨ। ਪੁਲਿਸ ਉਨ੍ਹਾਂ ਨੂੰ ਲੋਕੇਟ ਕਰਕੇ ਸੀਜ਼ ਕਰਨ ਦੀ ਕੋਸਿ਼ਸ਼ ਕਰ ਰਹੀ ਹੈ।
ਪੀਲ ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਹ ਵੱਡੀ ਪੱਧਰ ਦਾ ਸੰਗਠਿਤ ਜੁਰਮ ਲੱਗਦਾ ਹੈ ਜਿਸ ਨਾਲ ਕਈ ਲੋਕ ਪ੍ਰਭਾਵਿਤ ਹੋ ਰਹੇ ਹਨ।