ਓਟਵਾ, 10 ਮਾਰਚ (ਪੋਸਟ ਬਿਊਰੋ) : ਪਾਰਲੀਆਮੈਂਟਰੀ ਬਜਟ ਆਫੀਸਰ ਯਵੇਸ ਗਿਰੌਕਸ ਅਨੁਸਾਰ ਆਉਣ ਵਾਲੇ ਬਜਟ ਵਿੱਚ ਫੈਡਰਲ ਸਰਕਾਰ ਕੋਲ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦੀ ਗੁੰਜਾਇਸ਼ ਕਾਫੀ ਘੱਟ ਹੈ।
ਗਿਰੌਕਸ ਨੇ ਇੱਕ ਇੰਟਰਵਿਊ ਵਿੱਚ ਆਖਿਆ ਕਿ ਜੇ ਸਰਕਾਰ 2026 ਤੋਂ ਬਾਅਦ ਘਾਟੇ ਨੂੰ ਜੀਡੀਪੀ ਦਾ ਇੱਕ ਫੀ ਸਦੀ ਤੋਂ ਘੱਟ ਰੱਖਣਾ ਚਾਹੁੰਦੀ ਹੈ ਤਾਂ ਸਰਕਾਰ ਕੋਲ ਨਵੇਂ ਖਰਚਿਆਂ ਲਈ ਬਹੁਤੀ ਗੁੰਜਾਇਸ਼ ਨਹੀਂ ਹੈ। ਉਨ੍ਹਾਂ ਆਖਿਆ ਕਿ ਜੇ ਸਰਕਾਰ ਕੁੱਝ ਖੇਤਰਾਂ ਵਿੱਚ ਖਰਚੇ ਘਟਾਉਣ ਤੇ ਟੈਕਸਾਂ ਵਿੱਚ ਵਾਧਾ ਕਰਨ ਦਾ ਫੈਸਲਾ ਕਰਦੀ ਹੈ ਤਾਂ ਉਸ ਦੀ ਖਰਚੇ ਕਰਨ ਦੀ ਸਮਰੱਥਾ ਵੱਧ ਜਾਵੇਗੀ ਪਰ ਜਿਹੋ ਜਿਹੇ ਹਾਲਾਤ ਇਸ ਸਮੇਂ ਹਨ ਉਨ੍ਹਾਂ ਵਿੱਚ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਸਰਕਾਰ ਕੋਲ ਖਰਚਿਆਂ ਵਿੱਚ ਵਾਧਾ ਕਰਨ ਬਾਰੇ ਸੋਚਣਾ ਵੀ ਮੁਸ਼ਕਲ ਹੈ।
ਜਿ਼ਕਰਯੋਗ ਹੈ ਕਿ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਵੱਲੋਂ ਇਸ ਹਫਤੇ ਇਹ ਐਲਾਨ ਕੀਤਾ ਗਿਆ ਸੀ ਕਿ ਉਹ 16 ਅਪਰੈਲ ਨੂੰ ਫੈਡਰਲ ਬਜਟ ਪੇਸ਼ ਕਰੇਗੀ। ਫਰੀਲੈਂਡ ਅਨੁਸਾਰ ਬਜਟ ਪੇਸ਼ ਕਰਨ ਤੋਂ ਬਾਅਦ ਅਗਲੀ ਪੀੜ੍ਹੀ ਲਈ ਮੱਧਵਰਗੀ ਜਿੰ਼ਦਗੀ ਬਿਹਤਰ ਹੋ ਜਾਵੇਗੀ।ਫੈਡਰਲ ਸਰਕਾਰ ਵੱਲੋਂ ਟੈਕਸਾਂ ਵਿੱਚ ਵਾਧਾ ਕੀਤੇ ਜਾਣ ਦੀ ਕਿਸੇ ਯੋਜਨਾਂ ਦਾ ਸੰਕੇਤ ਨਹੀਂ ਦਿੱਤਾ ਗਿਆ ਹੈ। ਪਰ ਉਨ੍ਹਾਂ ਆਖਿਆ ਕਿ ਉਹ ਅਗਲੇ ਪੰਜ ਸਾਲਾਂ ਵਿੱਚ ਕਈ ਡਿਪਾਰਟਮੈਂਟਸ ਵਿੱਚ ਹੋਣ ਵਾਲੇ ਖਰਚਿਆਂ ਉੱਤੇ ਨਕੇਲ ਕੱਸ ਕੇ 15 ਮਿਲੀਅਨ ਡਾਲਰ ਹੋਰ ਕੱਢ ਲਵੇਗੀ। ਇਸ ਦੇ ਨਾਲ ਹੀ ਫਰੀਲੈਂਡ ਨੇ 2028 ਤੋਂ ਪਹਿਲਾਂ ਖਰਚਿਆਂ ਨੂੰ 14·1 ਬਿਲੀਅਨ ਡਾਲਰ ਤੱਕ ਘਟਾਉਣ ਦਾ ਤਹੱਈਆ ਵੀ ਪ੍ਰਗਟਾਇਆ। ਇਸ ਤੋਂ ਭਾਵ ਹੈ ਕਿ ਫਰੀਲੈਂਡ ਹਰ ਸਾਲ ਖਰਚਿਆਂ ਵਿੱਚ 4·1 ਬਿਲੀਅਨ ਡਾਲਰ ਦੀ ਕਟੌਤੀ ਕਰਨਾ ਚਾਹੁੰਦੀ ਹੈ।
ਪਰ ਗਿਰੌਕਸ ਅਨੁਸਾਰ ਇਹ ਕਟੌਤੀਆਂ ਸਰਕਾਰ ਵੱਲੋਂ ਪਿੱਛੇ ਜਿਹੇ ਕੀਤੀਆਂ ਗਈਆਂ ਵਚਨਬੱਧਤਾਵਾਂ, ਜਿਵੇਂ ਕਿ ਡਾਇਬਟੀਜ਼ ਤੇ ਗਰਭਨਿਰੋਧਕ ਦਵਾਈਆਂ ਲਈ ਫਾਰਮਾਕੇਅਰ ਪ੍ਰੋਗਰਾਮ, ਫੈਡਰਲ ਡਿਸਐਬਿਲਿਟੀ ਬੈਨੇਫਿਟ, ਜਾਂ ਫਿਰ ਨਾਟੋ ਵੱਲੋਂ ਡਿਫੈਂਸ ਉੱਤੇ ਜੀਡੀਪੀ ਦਾ ਦੋ ਫੀ ਸਦੀ ਖਰਚਣ ਦਾ ਟੀਚਾ ਪੂਰਾ ਕਰਨ ਆਦਿ ਲਈ ਕਾਫੀ ਨਹੀਂ ਹਨ।ਉਨ੍ਹਾਂ ਆਖਿਆ ਕਿ ਇਨ੍ਹਾਂ ਸਾਰੇ ਵਾਅਦਿਆਂ ਨੂੰ ਬਜਟ ਵਿੱਚ ਅਜੇ ਤੱਕ ਸ਼ਾਮਲ ਨਹੀਂ ਕੀਤਾ ਗਿਆ ਹੈ।