ਓਟਵਾ, 24 ਅਪਰੈਲ (ਪੋਸਟ ਬਿਊਰੋ) : ਇੱਕ ਨਵੇਂ ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ ਲਿਬਰਲਾਂ ਵੱਲੋਂ ਪੇਸ਼ ਕੀਤੇ ਗਏ ਇਸ ਵਾਰੀ ਦੇ ਬਜਟ ਨਾਲ ਬਹੁਤੇ ਕੈਨੇਡੀਅਨਜ਼ ਖੁਸ਼ ਨਹੀਂ ਹਨ। ਪਰ ਇਸ ਬਜਟ ਵਿੱਚ ਕਈ ਮਿਲੀਅਨ ਘਰ ਤਿਆਰ ਕਰਨ ਦੀ ਸਰਕਾਰ ਵੱਲੋਂ ਜਿਹੜੀ ਗੱਲ ਕੀਤੀ ਗਈ ਹੈ ਉਸ ਲਈ ਵੋਟਰਾਂ ਵੱਲੋਂ ਸਰਕਾਰ ਦਾ ਸਮਰਥਨ ਕੀਤਾ ਜਾ ਰਿਹਾ ਹੈ।
ਲੈਜਰਜ਼ ਵੱਲੋਂ ਕਰਵਾਏ ਗਏ ਤਾਜ਼ਾ ਸਰਵੇਖਣ ਵਿੱਚ ਹਿੱਸਾ ਲੈਣ ਵਾਲੇ ਕੈਨੇਡੀਅਨਜ਼ ਵਿੱਚੋਂ ਬਹੁਤਿਆਂ ਨੇ ਆਖਿਆ ਕਿ ਫੈਡਰਲ ਬਜਟ ਪ੍ਰਤੀ ਉਨ੍ਹਾਂ ਦੀ ਰਾਇ ਨਕਾਰਾਤਮਕ ਹੈ। ਇਹ ਬਜਟ ਪਿਛਲੇ ਮੰਗਲਵਾਰ ਪੇਸ਼ ਕੀਤਾ ਗਿਆ ਸੀ। ਸਿਰਫ 21 ਫੀ ਸਦੀ ਕੈਨੇਡੀਅਨਜ਼ ਨੇ ਆਖਿਆ ਕਿ ਉਨ੍ਹਾਂ ਦੀ ਰਾਇ ਬਜਟ ਪ੍ਰਤੀ ਸਕਾਰਾਤਮਕ ਹੈ ਜਦਕਿ ਇੱਕ ਤਿਹਾਈ ਨੇ ਆਪਣੀ ਕੋਈ ਰਾਇ ਨਹੀਂ ਪ੍ਰਗਟਾਈ।ਸਰਵੇਖਣ ਵਿੱਚ ਹਿੱਸਾ ਲੈਣ ਵਾਲੇ 65 ਫੀ ਸਦੀ ਨੇ ਆਖਿਆ ਕਿ ਹਾਊਸਿੰਗ ਉੱਤੇ 8·5 ਬਿਲੀਅਨ ਡਾਲਰ ਖਰਚਣ ਦੀ ਯੋਜਨਾ ਤੇ 2031 ਤੱਕ 3·9 ਮਿਲੀਅਨ ਘਰ ਤਿਆਰ ਕਰਨ ਦੀ ਯੋਜਨਾ ਦੇਸ਼ ਲਈ ਚੰਗੀ ਹੈ।
ਪਿਛਲੇ ਵੀਕੈਂਡ ਉੱਤੇ ਲੈਜਰ ਨੇ 1522 ਕੈਨੇਡੀਅਨਜ਼ ਉੱਤੇ ਸਰਵੇਖਣ ਕੀਤਾ ਸੀ।ਬਹੁਤਾ ਕਰਕੇ ਅਲਬਰਟਾ ਦੇ ਲੋਕਾਂ ਨੇ ਬਜਟ ਦਾ ਨਕਾਰਾਤਮਕ ਅਸਰ ਪੈਣ ਦੀ ਗੱਲ ਆਖੀ। ਸਮੁੱਚੇ ਦੇਸ਼ ਦੇ 25 ਫੀ ਸਦੀ ਦੇ ਮੁਕਾਬਲੇ ਅਲਬਰਟਾ ਵਾਸੀਆਂ ਵਿੱਚੋਂ 42 ਫੀ ਸਦੀ ਨੇ ਦੱਸਿਆ ਕਿ ਬਜਟ ਦਾ ਕਮਿਊਨਿਟੀਜ਼ ਉੱਤੇ ਨਕਾਰਾਤਮਕ ਅਸਰ ਪਵੇਗਾ। ਇਸ ਸਰਵੇਖਣ ਵਿੱਚ ਹਿੱਸਾ ਲੈਣ ਵਾਲੇ ਅੱਧੇ ਤੋਂ ਵੱਧ ਲੋਕਾਂ ਨੇ ਆਖਿਆ ਕਿ ਉਹ ਸਰਕਾਰ ਵੱਲੋਂ ਐਨਰਜੀ ਸਮਰੱਥਾ, ਨੈਸ਼ਨਲ ਡਿਫੈਂਸ ਤੇ ਹੈਲਥ ਕੇਅਰ ਤੇ ਐਜੂਕੇਸ਼ਨ ਵਰਕਰਜ਼ ਲਈ ਵਿਦਿਆਰਥੀ ਲੋਨ ਨੂੰ ਮੁਆਫ ਕਰਨ ਵਰਗੇ ਸਰਕਾਰ ਦੇ ਫੈਸਲਿਆਂ ਦੇ ਪੱਖ ਵਿੱਚ ਹਨ।