ਨਵੀਂ ਦਿੱਲੀ, 27 ਫਰਵਰੀ (ਪੋਸਟ ਬਿਊਰੋ): ਯੂਪੀ ਦੇ ਸ਼ਾਹਜਹਾਂਪੁਰ ਜਿ਼ਲ੍ਹੇ ਵਿਚ ਮੰਗਲਵਾਰ ਸਵੇਰੇ ਇੱਕ ਕਾਰ ਦਰੱਖਤ ਨਾਲ ਟਕਰਾ ਗਈ ਜਿਸ ਕਾਰਨ ਦੋ ਵਿਦਿਆਰਥਣਾਂ ਸਮੇਤ ਚਾਰ ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ ਛੇ ਹੋਰ ਗੰਭੀਰ ਜ਼ਖ਼ਮੀ ਹੋ ਗਏ। ਇਹ ਸਾਰੇ 10ਵੀਂ ਬੋਰਡ ਦੀ ਪ੍ਰੀਖਿਆ ਦੇਣ ਜਾ ਰਹੇ ਸਨ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਥਾਣਾ ਕੈਂਟ ਖੇਤਰ ਦੇ ਪਿੰਡ ਬਰਿੰਦਰਾ ਵਾਸੀ 10 ਵਿਦਿਆਰਥੀ ਅੱਜ ਸਵੇਰੇ 10ਵੀਂ ਜਮਾਤ ਦੇ ਗਣਿਤ ਦੀ ਪ੍ਰੀਖਿਆ ਦੇਣ ਲਈ ਜੈਤੀਪੁਰ ਸਥਿਤ ਸਕੂਲ ਵਿੱਚ ਕਾਰ (ਈਕੋ) ਵਿੱਚ ਸਵਾਰ ਹੋ ਕੇ ਜਾ ਰਹੇ ਸਨ।
ਵਧੀਕ ਪੁਲਿਸ ਸੁਪਰਡੈਂਟ (ਸਿਟੀ) ਸੰਜੇ ਕੁਮਾਰ ਨੇ ਦੱਸਿਆ ਕਿ ਜਲਾਲਾਬਾਦ-ਸ਼ਾਹਜਹਾਨਪੁਰ ਰੋਡ 'ਤੇ ਜਰਵਾਨ ਪਿੰਡ ਨੇੜੇ ਕਾਰ ਦਾ ਟਾਇਰ ਫਟ ਗਿਆ ਅਤੇ ਇਹ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾ ਕੇ ਟੋਏ 'ਚ ਪਲਟ ਗਈ।
ਕੁਮਾਰ ਨੇ ਦੱਸਿਆ ਕਿ ਅਨੁਰਾਗ ਕੁਸ਼ਵਾਹਾ (15), ਅਨੁਰਾਗ ਸ਼੍ਰੀਵਾਸਤਵ (14), ਪ੍ਰਤਿਸ਼ਠਾ ਮਿਸ਼ਰਾ (15) ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਮੋਹਨੀ ਮੌਰਿਆ (16) ਨੂੰ ਮੈਡੀਕਲ ਕਾਲਜ ਪਹੁੰਚਣ 'ਤੇ ਮ੍ਰਿਤਕ ਐਲਾਨ ਦਿੱਤਾ ਗਿਆ।