ਆਈਸੀਸੀ ਟੀ-20 ਰੈਂਕਿੰਗ 'ਚ ਨੰਬਰ ਇਕ ਬੱਲੇਬਾਜ਼ ਭਾਰਤ ਦੇ ਸਟਾਰ ਖਿਡਾਰੀ ਸੂਰਿਆਕੁਮਾਰ ਯਾਦਵ ਨੇ ਆਪਣੇ ਪ੍ਰਦਰਸ਼ਨ ਦੇ ਦਮ 'ਤੇ ਇਕ ਹੋਰ ਐਵਾਰਡ ਜਿੱਤ ਲਿਆ ਹੈ। ਆਈਸੀਸੀ ਨੇ ਸੂਰਿਆਕੁਮਾਰ ਯਾਦਵ ਨੂੰ ਟੀ-20 ਕ੍ਰਿਕਟਰ ਆਫ ਦੀ ਈਅਰ ਦਾ ਐਵਾਰਡ ਦਿੱਤਾ ਹੈ। ਇਹ ਲਗਾਤਾਰ ਦੂਜੀ ਵਾਰ ਹੈ ਜਦੋਂ ਸੂਰਿਆਕੁਮਾਰ ਯਾਦਵ ਨੂੰ ਇਹ ਪੁਰਸਕਾਰ ਮਿਿਲਆ ਹੈ। ਸਾਲ 2023 ਸੂਰਿਆਕੁਮਾਰ ਯਾਦਵ ਲਈ ਸ਼ਾਨਦਾਰ ਸਾਲ ਰਿਹਾ ਅਤੇ ਉਨ੍ਹਾਂ ਨੇ ਆਪਣੇ ਬੱਲੇ ਨਾਲ ਕਾਫੀ ਦੌੜਾਂ ਬਣਾਈਆਂ।
ਸੂਰਿਆਕੁਮਾਰ ਯਾਦਵ ਨੇ ਸਾਲ 2023 ਵਿੱਚ ਟੀ-20 ਅੰਤਰਰਾਸ਼ਟਰੀ ਵਿੱਚ ਲਗਭਗ 50 ਦੀ ਔਸਤ ਅਤੇ 150 ਤੋਂ ਵੱਧ ਦੀ ਸਟ੍ਰਾਈਕ ਰੇਟ ਨਾਲ ਖੂਬ ਦੌੜਾਂ ਬਣਾਈਆਂ। ਸੂਰਿਆ ਨੇ ਸਾਲ 2021 'ਚ ਇੰਗਲੈਂਡ ਖਿਲਾਫ ਛੱਕਾ ਲਗਾ ਕੇ ਟੀ-20 ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਸੂਰਿਆ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਲਗਾਤਾਰ ਦੌੜਾਂ ਬਣਾਈਆਂ। ਆਈਸੀਸੀ ਵੱਲੋਂ ਕੁੱਲ 4 ਹੋਰ ਖਿਡਾਰੀਆਂ ਨੂੰ ਇਸ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਸੀ। ਇਸ ਵਿੱਚ ਜ਼ਿੰਬਾਬਵੇ ਦੇ ਸਿਕੰਦਰ ਰਜ਼ਾ, ਯੁਗਾਂਡਾ ਦੇ ਅਲਪੇਸ਼ ਰਾਮਜਾਨੀ ਅਤੇ ਨਿਊਜ਼ੀਲੈਂਡ ਦੇ ਮਾਰਕ ਚੈਪਮੈਨ ਸ਼ਾਮਲ ਸਨ ਪਰ ਇਨ੍ਹਾਂ ਸਾਰਿਆਂ ਨੂੰ ਪਿੱਛੇ ਛੱਡਦੇ ਹੋਏ ਸੂਰਿਆਕੁਮਾਰ ਯਾਦਵ ਨੇ ਆਈਸੀਸੀ ਟੀ-20 ਪਲੇਅਰ ਆਫ ਦਿ ਈਅਰ ਦਾ ਐਵਾਰਡ ਜਿੱਤ ਲਿਆ ਹੈ।