-ਅਮਰੀਕਾ ਅਤੇ ਕੈਨੇਡਾ ਵਿਚਾਲੇ ਓਪਨਿੰਗ ਮੈਚ ਖੇਡਿਆ ਜਾਵੇਗਾ, ਫਾਈਨਲ ਹੋਵੇਗਾ ਬਾਰਬਾਡੋਸ ਵਿਚ
ਨਵੀਂ ਦਿੱਲੀ, 5 ਜਨਵਰੀ (ਪੋਸਟ ਬਿਊਰੋ): ਆਈ.ਸੀ.ਸੀ. ਨੇ ਟੀ-20 ਵਿਸ਼ਵ ਕੱਪ ਦੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ। ਇਹ ਟੂਰਨਾਮੈਂਟ 1 ਤੋਂ 29 ਜੂਨ ਤੱਕ ਵੈਸਟਇੰਡੀਜ਼ ਅਤੇ ਅਮਰੀਕਾ ਦੇ 9 ਸ਼ਹਿਰਾਂ ਵਿੱਚ ਖੇਡਿਆ ਜਾਵੇਗਾ। ਭਾਰਤ ਅਤੇ ਪਾਕਿਸਤਾਨ ਇੱਕੋ ਗਰੁੱਪ ਵਿੱਚ ਹਨ, ਦੋਵਾਂ ਵਿਚਾਲੇ ਮੈਚ 9 ਜੂਨ ਨੂੰ ਨਿਊਯਾਰਕ ਵਿੱਚ ਖੇਡਿਆ ਜਾਵੇਗਾ। ਫਾਈਨਲ ਮੈਚ 29 ਜੂਨ ਨੂੰ ਵੈਸਟਇੰਡੀਜ਼ ਦੇ ਬਾਰਬਾਡੋਸ ਸ਼ਹਿਰ ਵਿੱਚ ਹੋਵੇਗਾ।
ਟੀ-20 ਵਿਸ਼ਵ ਕੱਪ ਵਿੱਚ ਪਹਿਲੀ ਵਾਰ 20 ਟੀਮਾਂ ਸ਼ਾਮਿਲ ਕੀਤੀਆਂ ਗਈਆਂ ਹਨ, ਪਿਛਲੇ ਦੋ ਐਡੀਸ਼ਨਾਂ ਵਿੱਚ 16-16 ਟੀਮਾਂ ਸਨ। ਇੰਗਲੈਂਡ ਮੌਜੂਦਾ ਚੈਂਪੀਅਨ ਹੈ, ਜਦਕਿ ਭਾਰਤ ਪਹਿਲਾਂ ਹੀ 2007 'ਚ ਟੂਰਨਾਮੈਂਟ ਦਾ ਖਿਤਾਬ ਜਿੱਤ ਚੁੱਕਾ ਹੈ।
ਕੈਨੇਡਾ ਅਤੇ ਅਮਰੀਕਾ ਵਿਚਾਲੇ ਉਦਘਾਟਨੀ ਮੈਚ
ਟੂਰਨਾਮੈਂਟ ਦਾ ਉਦਘਾਟਨੀ ਮੈਚ ਕੈਨੇਡਾ ਅਤੇ ਘਰੇਲੂ ਟੀਮ ਅਮਰੀਕਾ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ 1 ਜੂਨ ਨੂੰ ਡਲਾਸ ਵਿੱਚ ਹੋਵੇਗਾ। ਕ੍ਰਿਕਟ ਇਤਿਹਾਸ ਦਾ ਪਹਿਲਾ ਮੈਚ ਵੀ 1844 ਵਿੱਚ ਅਮਰੀਕਾ ਅਤੇ ਕੈਨੇਡਾ ਵਿਚਾਲੇ ਖੇਡਿਆ ਗਿਆ ਸੀ।
ਵੈਸਟਇੰਡੀਜ਼ ਆਪਣਾ ਪਹਿਲਾ ਮੈਚ ਪਾਪੁਆ ਨਿਊ ਗਿਨੀ ਦੇ ਖਿਲਾਫ 2 ਜੂਨ ਨੂੰ ਗੁਆਨਾ 'ਚ ਖੇਡੇਗਾ। ਟੂਰਨਾਮੈਂਟ 'ਚ 20 ਟੀਮਾਂ ਵਿਚਾਲੇ 29 ਦਿਨਾਂ ਤੱਕ ਕੁੱਲ 55 ਮੈਚ ਖੇਡੇ ਜਾਣਗੇ, ਜੋ ਟੀ-20 ਵਿਸ਼ਵ ਕੱਪ ਦੇ ਇਤਿਹਾਸ 'ਚ ਪਹਿਲੀ ਵਾਰ ਹੋਵੇਗਾ।
1 ਤੋਂ 17 ਜੂਨ ਤੱਕ ਗਰੁੱਪ ਪੜਾਅ ਦੇ 40 ਮੈਚ ਹੋਣਗੇ। ਸੁਪਰ-8 ਪੜਾਅ ਦੇ 12 ਮੈਚ 19 ਤੋਂ 24 ਜੂਨ ਤੱਕ ਖੇਡੇ ਜਾਣਗੇ। ਪਹਿਲਾ ਸੈਮੀਫਾਈਨਲ 26 ਜੂਨ ਨੂੰ ਗੁਆਨਾ 'ਚ ਅਤੇ ਦੂਜਾ ਸੈਮੀਫਾਈਨਲ 27 ਜੂਨ ਨੂੰ ਤ੍ਰਿਨੀਦਾਦ 'ਚ ਖੇਡਿਆ ਜਾਵੇਗਾ। ਫਾਈਨਲ ਮੈਚ 29 ਜੂਨ ਨੂੰ ਬਾਰਬਾਡੋਸ ਵਿੱਚ ਖੇਡਿਆ ਜਾਵੇਗਾ।