ਜੈਪੁਰ, 3 ਦਸੰਬਰ (ਪੋਸਟ ਬਿਊਰੋ): ਰਾਜਸਥਾਨ ਵਿਚ ਇੱਕ ਵਾਰ ਫਿਰ ਹਰ ਪੰਜ ਸਾਲ ਬਾਅਦ ਸਰਕਾਰ ਬਦਲਣ ਦਾ ਸਿਲਸਿਲਾ ਜਾਰੀ ਹੈ। ਇਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ ਬਹੁਮਤ ਹਾਸਿਲ ਹੋ ਗਿਆ ਹੈ। ਚੋਣ ਕਮਿਸ਼ਨ ਮੁਤਾਬਕ ਭਾਜਪਾ 115 ਸੀਟਾਂ 'ਤੇ ਅਤੇ ਕਾਂਗਰਸ 69 ਸੀਟਾਂ 'ਤੇ ਅੱਗੇ ਹੈ, ਜਦਕਿ ਬਾਕੀ ਉਮੀਦਵਾਰ 15 ਸੀਟਾਂ 'ਤੇ ਅੱਗੇ ਹਨ। ਭਾਜਪਾ ਨੇ 112, ਕਾਂਗਰਸ ਨੇ 64 ਅਤੇ ਹੋਰਨਾਂ ਨੇ 14 ਸੀਟਾਂ 'ਤੇ ਜਿੱਤ ਦਰਜ ਕੀਤੀ ਹੈ। ਹਾਰ ਨੂੰ ਸਵੀਕਾਰ ਕਰਦੇ ਹੋਏ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ।
ਚੋਣ ਨਤੀਜਿਆਂ 'ਤੇ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਕਿਹਾ ਕਿ ਰਾਜਸਥਾਨ ਦੀ ਸ਼ਾਨਦਾਰ ਜਿੱਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦਿੱਤੀ ਗਾਰੰਟੀ ਵਾਲੀ ਜਿੱਤ ਹੈ। ਅਸ਼ੋਕ ਗਹਿਲੋਤ ਨੇ ਹਾਰ ਸਵੀਕਾਰ ਕਰਦੇ ਹੋਏ ਕਿਹਾ ਕਿ ਕੰਮ ਕਰਨ ਦੇ ਬਾਵਜੂਦ ਅਸੀਂ ਕਾਮਯਾਬ ਨਹੀਂ ਹੋਏ, ਇਸ ਦਾ ਮਤਲਬ ਇਹ ਨਹੀਂ ਕਿ ਉਹ ਕੰਮ ਨਾ ਕਰਨ।
ਉੱਥੇ ਹੀ ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਕਿਹਾ ਕਿ ਉਹ ਨਤੀਜਿਆਂ ਨੂੰ ਸਵੀਕਾਰ ਕਰਦੇ ਹਨ, ਵਿਚਾਰਧਾਰਾ ਦੀ ਲੜਾਈ ਜਾਰੀ ਰਹੇਗੀ।
ਪਹਿਲੀ ਵਾਰ ਚੋਣ ਲੜ ਰਹੀ ਭਾਰਤ ਆਦਿਵਾਸੀ ਪਾਰਟੀ ਨੇ 3 ਸੀਟਾਂ ਜਿੱਤੀਆਂ ਹਨ। ਹਨੂੰਮਾਨ ਬੈਨੀਵਾਲ ਨੂੰ ਛੱਡ ਕੇ ਉਨ੍ਹਾਂ ਦੀ ਰਾਸ਼ਟਰੀ ਲੋਕਤਾਂਤਰਿਕ ਪਾਰਟੀ ਦਾ ਕੋਈ ਵੀ ਉਮੀਦਵਾਰ ਨਹੀਂ ਜਿੱਤ ਸਕਿਆ ਹੈ। ਕੌਮੀ ਪਾਰਟੀ ਦਾ ਦਰਜਾ ਰੱਖਣ ਵਾਲੀ ਬਹੁਜਨ ਸਮਾਜ ਪਾਰਟੀ ਦੇ ਸਿਰਫ਼ 2 ਵਿਧਾਇਕ ਹੀ ਜਿੱਤੇ ਹਨ, ਜਦਕਿ ਆਮ ਆਦਮੀ ਪਾਰਟੀ ਅਤੇ ਮਾਰਕਸਵਾਦੀ ਕਮਿਊਨਿਸਟ ਪਾਰਟੀ ਵੀ ਇਸ ਚੋਣ ਵਿੱਚ ਕੋਈ ਛਾਪ ਨਹੀਂ ਛੱਡ ਸਕੇ। ਦੋਵੇਂ ਇਕ ਵੀ ਸੀਟ ਨਹੀਂ ਜਿੱਤ ਸਕੇ। ਓਵੈਸੀ ਦੀ ਏਆਈਐਮਆਈਐਮ, ਕਮਿਊਨਿਸਟ ਪਾਰਟੀ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀ ਹੈ।
ਇਨ੍ਹਾਂ ਚੋਣਾਂ ਵਿੱਚ ਕਈ ਹੈਰਾਨ ਕਰਨ ਵਾਲੇ ਨਤੀਜੇ ਆਏ ਹਨ। ਵਿਧਾਨ ਸਭਾ ਸਪੀਕਰ ਡਾ.ਸੀ.ਪੀ. ਜੋਸ਼ੀ ਹਾਰ ਗਏ ਹਨ। ਇਸ ਨਾਲ ਪ੍ਰਸਾਦੀ ਲਾਲ ਮੀਨਾ, ਪ੍ਰਤਾਪ ਸਿੰਘ ਖਚਰੀਆਵਾਸ ਸਮੇਤ ਕਾਂਗਰਸ ਦੇ 25 ਵਿੱਚੋਂ 17 ਮੰਤਰੀ ਹਾਰ ਗਏ ਹਨ। ਸ਼ਾਂਤੀ ਧਾਰੀਵਾਲ ਦੀ ਜਿੱਤ ਹੋਈ ਹੈ।
ਵਿਰੋਧੀ ਧਿਰ ਦੇ ਨੇਤਾ ਰਾਜੇਂਦਰ ਰਾਠੌਰ ਅਤੇ ਵਿਰੋਧੀ ਧਿਰ ਦੇ ਉਪ ਨੇਤਾ ਸਤੀਸ਼ ਪੂਨੀਆ ਵੀ ਹਾਰ ਗਏ ਹਨ। ਭਾਜਪਾ ਨੇ ਜਿਨ੍ਹਾਂ 7 ਸੰਸਦ ਮੈਂਬਰਾਂ ਤੋਂ ਚੋਣ ਲੜੀ ਸੀ, ਉਨ੍ਹਾਂ ਵਿਚੋਂ 4 ਅੱਗੇ ਹਨ ਅਤੇ 3 ਪਿੱਛੇ ਹਨ ਅਤੇ ਦੋਵੇਂ ਸੰਸਦ ਮੈਂਬਰ ਤੀਜੇ ਸਥਾਨ 'ਤੇ ਚੱਲ ਰਹੇ ਹਨ। ਇਸ ਵਾਰ ਫਿਰ ਲੋਕਾਂ ਨੇ ਸਰਕਾਰ ਬਦਲ ਦਿੱਤੀ ਹੈ ਪਰ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਵਿਧਾਨ ਸਭਾ ਦੇ ਸਪੀਕਰ ਸਮੇਤ ਵਿਰੋਧੀ ਧਿਰ ਦੇ ਨੇਤਾ ਅਤੇ ਉਪ ਨੇਤਾ ਦੀ ਹਾਰ ਹੋਈ ਹੈ।