ਓਟਵਾ, 3 ਅਕਤੂਬਰ (ਪੋਸਟ ਬਿਊਰੋ) : ਮੰਗਲਵਾਰ ਨੂੰ ਫਾਇਨਾਂਸ਼ੀਅਲ ਟਾਈਮਜ਼ ਵੱਲੋਂ ਦਿੱਤੀ ਗਈ ਰਿਪੋਰਟ ਅਨੁਸਾਰ ਭਾਰਤ ਨੇ ਕੈਨੇਡਾ ਨੂੰ 10 ਅਕਤੂਬਰ ਤੱਕ ਆਪਣੇ 41 ਡਿਪਲੋਮੈਟਸ ਨੂੰ ਵਾਪਿਸ ਸੱਦਣ ਲਈ ਆਖਿਆ ਹੈ।
ਜਿ਼ਕਰਯੋਗ ਹੈ ਕਿ ਜੂਨ ਵਿੱਚ ਸਿੱਖ ਵੱਖਵਾਦੀ ਆਗੂ ਤੇ ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿੱਝਰ, ਜਿਸ ਨੂੰ ਭਾਰਤ ਨੇ ਇੰਤਿਹਾਪਸੰਦ ਦਾ ਦਰਜਾ ਦਿੱਤਾ ਹੋਇਆ ਸੀ, ਦੇ ਕਤਲ ਵਿੱਚ ਕੈਨੇਡਾ ਵੱਲੋਂ ਭਾਰਤ ਸਰਕਾਰ ਦੇ ਏਜੰਟਾਂ ਦਾ ਹੱਥ ਹੋਣ ਦਾ ਸ਼ੱਕ ਪ੍ਰਗਟਾਏ ਜਾਣ ਤੋਂ ਬਾਅਦ ਤੋਂ ਹੀ ਦੋਵਾਂ ਦੇਸ਼ਾਂ ਦਰਮਿਆਨ ਰਿਸ਼ਤੇ ਵਿਗੜਨੇ ਸ਼ੁਰੂ ਹੋ ਗਏ ਸਨ। ਭਾਰਤ ਵੱਲੋਂ ਇਨ੍ਹਾਂ ਦੋਸ਼ਾਂ ਨੂੰ ਬੇਤੁਕਾ ਦੱਸ ਕੇ ਇਨ੍ਹਾਂ ਤੋਂ ਇਨਕਾਰ ਕੀਤਾ ਜਾ ਰਿਹਾ ਹੈ।
ਭਾਰਤ ਦੀ ਇਸ ਨਵੀਂ ਮੰਗ ਤੋਂ ਜਾਣੂ ਲੋਕਾਂ ਦਾ ਹਵਾਲਾ ਦੇ ਕੇ ਫਾਇਨਾਂਸ਼ੀਅਲ ਟਾਈਮਜ਼ ਨੇ ਆਖਿਆ ਕਿ ਭਾਰਤ ਨੇ 10 ਅਕਤੂਬਰ ਤੋਂ ਬਾਅਦ ਵੀ ਉੱਥੇ ਰਹਿ ਜਾਣ ਵਾਲੇ ਡਿਪਲੋਮੈਟਸ ਦੀ ਡਿਪਲੋਮੈਟਿਕ ਇਮਿਊਨਿਟੀ ਨੂੰ ਖਾਰਜ ਕਰਨ ਦੀ ਧਮਕੀ ਦਿੱਤੀ ਹੈ।ਇੱਥੇ ਦੱਸਣਾ ਬਣਦਾ ਹੈ ਕਿ ਕੈਨੇਡਾ ਦੇ ਭਾਰਤ ਵਿੱਚ 62 ਡਿਪਲੋਮੈਟਸ ਹਨ ਤੇ ਭਾਰਤ ਨੇ ਆਖਿਆ ਹੈ ਕਿ ਇਨ੍ਹਾਂ ਵਿੱਚੋਂ ਕੈਨੇਡਾ 41 ਨੂੰ ਵਾਪਿਸ ਸੱਦ ਲਵੇ।
ਇਸ ਮਾਮਲੇ ਦੀ ਪੁਸ਼ਟੀ ਲਈ ਭਾਰਤੀ ਤੇ ਕੈਨੇਡੀਅਨ ਵਿਦੇਸ਼ ਮੰਤਰਾਲਿਆਂ ਕੋਲੋਂ ਜਦੋਂ ਜਾਣਕਾਰੀ ਹਾਸਲ ਕਰਨ ਦੀ ਕੋਸਿ਼ਸ਼ ਕੀਤੀ ਗਈ ਤਾਂ ਦੋਵਾਂ ਵੱਲੋਂ ਹਾਲ ਦੀ ਘੜੀ ਟਿੱਪਣੀ ਨਹੀਂ ਕੀਤੀ ਗਈ ਹੈ।