ਓਟਵਾ, 2 ਅਕਤੂਬਰ (ਪੋਸਟ ਬਿਊਰੋ) : ਆਪਣੇ ਮੰਤਰੀ ਮੰਡਲ ਵਿੱਚ ਵੱਡਾ ਫੇਰਬਦਲ ਕਰਨ ਤੋਂ ਦੋ ਮਹੀਨੇ ਬਾਅਦ ਤੱਕ ਵੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਆਪਣੇ ਮ਼ੰਤਰੀਆਂ ਨੂੰ ਉਨ੍ਹਾਂ ਦੇ ਨਵੇਂ ਅਹੁਦਿਆਂ ਨਾਲ ਸਬੰਧਤ ਪੱਤਰ ਜਾਰੀ ਨਹੀਂ ਕੀਤੇ ਗਏ ਹਨ।
ਰੱਖਿਆ ਮੰਤਰੀ ਬਿੱਲ ਬਲੇਅਰ ਨੇ ਪਿਛਲੇ ਹਫਤੇ ਆਖਿਆ ਕਿ ਉਨ੍ਹਾਂ ਨੂੰ ਅਜੇ ਤੱਕ ਨਵੇਂ ਅਹੁਦੇ ਦਾ ਪੱਤਰ ਨਹੀਂ ਮਿਲਿਆ ਹੈ ਤੇ ਟਰੂਡੋ ਵੱਲੋਂ ਦਸੰਬਰ 2021 ਵਿੱਚ ਉਨ੍ਹਾਂ ਦੇ ਪੂਰਬ ਅਧਿਕਾਰੀ ਨੂੰ ਜਿਹੜੇ ਕੰਮਾਂ ਦੀ ਸੂਚੀ ਦਿੱਤੀ ਗਈ ਸੀ ਉਹ ਉਸ ਨੂੰ ਪੂਰਾ ਕਰਨ ਉੱਤੇ ਲੱਗੇ ਹੋਏ ਹਨ। ਪਿਛਲੇ ਮਹੀਨਿਆਂ ਵਿੱਚ ਟਰੂਡੋ ਸਰਕਾਰ ਨੇ ਮਿਲਟਰੀ ਨੂੰ ਕੁੱਝ ਨਵੇਂ ਟਾਸਕ ਦਿੱਤੇ ਸਨ ਜਦਕਿ ਖਰਚਿਆਂ ਵਿੱਚ ਮਿਲਟਰੀ ਨੂੰ ਇੱਕ ਬਿਲੀਅਨ ਡਾਲਰ ਦੀ ਕਟੌਤੀ ਕਰਨ ਲਈ ਆਖਿਆ ਗਿਆ ਸੀ। ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਉਹ ਇਸ ਗੱਲ ਦਾ ਸਪਸ਼ਟੀਕਰਣ ਚਾਹੁੰਦੀਆਂ ਹਨ ਕਿ ਮੰਤਰੀਆਂ ਨੂੰ ਆਪਣੀਆਂ ਅਸਾਈਨਮੈਂਟਸ ਨੂੰ ਤਰਜੀਹ ਦੇਣ ਲਈ ਕਿਵੇਂ ਆਖਿਆ ਜਾ ਰਿਹਾ ਹੈ।
ਅਕੈਡੀਆ ਯੂਨੀਵਰਸਿਟੀ ਦੇ ਪੁਲਿਟੀਕਲ ਸਾਇੰਟਿਸਟ ਐਲੈਕ ਮਾਰਲੈਂਡ ਨੇ ਆਖਿਆ ਕਿ ਮੰਤਰੀਆਂ ਨੂੰ ਲਾਜ਼ਮੀ ਪੱਤਰ ਦੇਣ ਨਾਲ ਇਹ ਸਪਸ਼ਟ ਹੁੰਦਾ ਹੈ ਕਿ ਚੋਣ ਕਾਲ ਤੋਂ ਬਾਹਰ ਸਰਕਾਰ ਕੀ ਕਰਨਾ ਚਾਹੁੰਦੀ ਹੈ। ਉਨ੍ਹਾਂ ਆਖਿਆ ਕਿ ਇਨ੍ਹਾਂ ਪੱਤਰਾਂ ਨੂੰ ਜਨਤਕ ਕੀਤੇ ਬਿਨਾਂ ਵੀ ਸਿਵਿਲ ਸਰਵਿਸ ਆਪਰੇਟ ਕੀਤੀ ਜਾ ਸਕਦੀ ਹੈ ਪਰ ਮੰਤਰੀ ਇਹ ਆਪ ਆਖ ਰਹੇ ਹਨ ਕਿ ਉਹ ਆਪਣੇ ਨਵੇਂ ਆਰਡਰਾਂ ਦੀਆਂ ਕਾਪੀਆਂ ਹਾਸਲ ਕਰਨ ਲਈ ਉਤਸੁਕ ਹਨ ਤੇ ਕਈਆਂ ਕੋਲ ਤਾਂ ਅਜਿਹੇ ਮਹਿਕਮੇ ਹਨ ਜਿਹੜੇ ਪਹਿਲਾਂ ਹੋਂਦ ਵਿੱਚ ਹੀ ਨਹੀਂ ਸਨ।