ਓਟਵਾ, 1 ਅਕਤੂਬਰ (ਪੋਸਟ ਬਿਊਰੋ) : ਫੈਡਰਲ ਐਨਡੀਪੀ ਆਗੂ ਜਗਮੀਤ ਸਿੰਘ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਦੇਸ਼ ਭਰ ਵਿੱਚ ਫੂਡ ਦੀਆਂ ਕੀਮਤਾਂ ਘਟਾਉਣ ਲਈ ਉਨ੍ਹਾਂ ਦੀ ਪਾਰਟੀ ਦੇ ਪ੍ਰਸਤਾਵ ਨੂੰ ਅਪਣਾਇਆ ਜਾਵੇ।
ਜਗਮੀਤ ਸਿੰਘ ਨੇ 18 ਸਤੰਬਰ ਨੂੰ ਹਾਊਸ ਆਫ ਕਾਮਨਜ਼ ਵਿੱਚ ਲੋਅਰਿੰਗ ਪ੍ਰਾਈਸਿਜ਼ ਫੌਰ ਕੈਨੇਡੀਅਨਜ਼ ਐਕਟ ਪੇਸ਼ ਕੀਤਾ ਸੀ। ਇਸ ਵਿੱਚ ਕੁੱਝ ਐਂਟੀ ਕੰਪੀਟੀਟਿਵ ਐਕਟਸ ਵਾਲਿਆਂ ਨੂੰ ਜੁਰਮਾਨੇ ਲਾਉਣ ਲਈ ਕੰਪੀਟੀਸ਼ਨ ਬਿਊਰੋ ਨੂੰ ਵਧੇਰੇ ਸ਼ਕਤੀਆਂ ਦੇਣ ਦੀ ਮੰਗ ਕੀਤੇ ਜਾਣ ਦੇ ਨਾਲ ਨਾਲ ਕੀਮਤਾਂ ਫਿਕਸ ਕਰਨ ਦੀ ਗੱਲ ਵੀ ਆਖੀ ਗਈ ਸੀ।ਐਤਵਾਰ ਨੂੰ ਜਗਮੀਤ ਸਿੰਘ ਤੇ ਸਕੀਨਾ-ਬਲਕਲੇਅ ਵੈਲੀ ਤੋਂ ਐਮਪੀ ਟੇਲਰ ਬੈਖਰੈਕ ਨੇ ਟੈਰੇਸ, ਬੀਸੀ ਵਿੱਚ ਇਸ ਬਿੱਲ ਬਾਰੇ ਗੱਲਬਾਤ ਕਰਨ ਲਈ ਨਿਊਜ਼ ਕਾਨਫਰੰਸ ਵੀ ਸੱਦੀ। ਉਨ੍ਹਾਂ ਆਖਿਆ ਕਿ ਇਸ ਬਿੱਲ ਦੇ ਲਾਗੂ ਹੋਣ ਉਪਰੰਤ ਆਪਣੀਆਂ ਮਨਮਰਜ਼ੀਆਂ ਕਰਨ ਵਾਲੀਆਂ ਵੱਡੀਆਂ ਗਰੌਸਰੀ ਚੇਨਜ਼ ਦੀਆਂ ਸਾਰੀਆਂ ਚੋਰ ਮਰੀਆਂ ਬੰਦ ਹੋ ਜਾਣਗੀਆਂ।
ਨਿਊਜ਼ ਰਲੀਜ਼ ਵਿੱਚ ਜਗਮੀਤ ਸਿੰਘ ਨੇ ਆਖਿਆ ਕਿ ਲੱਗਭਗ ਦੋ ਸਾਲ ਤੱਕ ਲਿਬਰਲ ਸਰਕਾਰ ਤਮਾਸ਼ਬੀਨ ਬਣਕੇ ਚੁੱਪਚਾਪ ਤਮਾਸ਼ਾ ਦੇਖਦੀ ਰਹੀ ਹੈ ਜਦਕਿ ਗਰੌਸਰੀ ਸੀਈਓਜ਼ ਵੱਲੋਂ ਕੰਮਕਾਜੀ ਪਰਿਵਾਰਾਂ ਦੇ ਸਿਰ ਉੱਤੇ ਰਿਕਾਰਡ ਤੋੜ ਮੁਨਾਫੇ ਕਮਾਏ ਗਏ। ਹਕੀਕਤ ਇਹ ਹੈ ਕਿ ਟਰੂਡੋ ਨੇ ਉਸ ਸਮੇਂ ਇਨ੍ਹਾਂ ਗੱਲਾਂ ਵੱਲ ਧਿਆਨ ਦੇਣਾ ਸ਼ੁਰੂ ਕੀਤਾ ਜਦੋਂ ਉਸ ਦਾ ਗ੍ਰਾਫ ਹੇਠਾਂ ਡਿੱਗਣਾ ਸ਼ੁਰੂ ਹੋਇਆ। ਜੇ ਉਹ ਅਜੇ ਵੀ ਇਸ ਮਾਮਲੇ ਪ੍ਰਤੀ ਸੰਜੀਦਾ ਹੈ ਤਾਂ ਉਹ ਆਪਣੇ ਬਿੱਲ ਵਿੱਚ ਐਨਡੀਪੀ ਦੀਆਂ ਦਮਦਾਰ ਤਬਦੀਲੀਆਂ ਨੂੰ ਜ਼ਰੂਰ ਸ਼ਾਮਲ ਕਰਨਗੇ। ਜਿਸ ਨਾਲ ਲਾਲਚੀ ਕਾਰਪੋਰੇਸ਼ਨਾਂ ਦੀ ਨਕੇਲ ਕੱਸੀ ਜਾ ਸਕੇਗੀ ਤੇ ਫੂਡ ਦੀਆਂ ਕੀਮਤਾਂ ਘੱਟ ਹੋਣਗੀਆਂ।