ਓਟਵਾ, 28 ਸਤੰਬਰ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੈਨੇਡਾ ਵਿੱਚ ਸਿੱਖ ਕਾਰਕੁੰਨ ਦੇ ਕਤਲ ਦੇ ਪਿੱਛੇ ਭਾਰਤ ਸਰਕਾਰ ਦਾ ਹੱਥ ਹੋਣ ਦੇ ਦੋਸ਼ ਲਾਏ ਜਾਣ ਤੋਂ ਬਾਅਦ ਕੈਨੇਡਾ ਤੇ ਭਾਰਤ ਦੇ ਰਿਸ਼ਤਿਆਂ ਵਿੱਚ ਆਈ ਕੜਵਾਹਟ ਦਰਮਿਆਨ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਵੀਰਵਾਰ ਨੂੰ ਭਾਰਤ ਦੇ ਵਿਦੇਸ਼ ਮੰਤਰੀ ਸੁਬਰਾਮਨੀਅਮ ਜੈਸ਼ੰਕਰ ਨਾਲ ਮੁਲਾਕਾਤ ਕੀਤੀ।
ਰੀਜਨ ਵਿੱਚ ਚੀਨ ਦੇ ਵੱਧ ਰਹੇ ਦਬਦਬੇ ਨੂੰ ਘਟਾਉਣ ਲਈ ਤੇ ਇੰਡੋਪੈਸੇਫਿਕ ਰਣਨੀਤੀ ਲਈ ਅਹਿਮ ਦੱਖਣੀ ਏਸ਼ੀਆਈ ਮੁਲਕ ਭਾਰਤ ਤੇ ਆਪਣੇ ਨੌਰਦਰਨ ਗੁਆਂਢੀ ਕੈਨੇਡਾ ਦਰਮਿਆਨ ਵਧੇ ਇਸ ਤਣਾਅ ਨੂੰ ਘਟਾਉਣ ਦੀ ਅਮਰੀਕਾ ਕਸਿ਼ਸ਼ ਕਰ ਰਿਹਾ ਹੈ। ਇਸ ਕੋਸਿ਼ਸ਼ ਦੇ ਚੱਲਦਿਆਂ ਹੀ ਬਲਿੰਕਨ ਨੇ ਵੀਰਵਾਰ ਨੂੰ ਸੁਬਰਾਮਨੀਅਮ ਜੈਸ਼ੰਕਰ ਨਾਲ ਅਮਰੀਕਾ ਦੇ ਵਿਦੇਸ਼ ਮੰਤਰਾਲੇ ਵਿੱਚ ਮੁਲਾਕਾਤ ਕੀਤੀ।
ਦੋਵਾਂ ਮੰਤਰੀਆਂ ਵਿੱਚੋਂ ਕਿਸੇ ਨੇ ਵੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸਮੇਂ ਕੈਨੇਡਾ ਤੇ ਭਾਰਤ ਦੇ ਸਬੰਧਾਂ ਵਿੱਚ ਆਈ ਖੜੋਤ ਦਾ ਜਿ਼ਕਰ ਤੱਕ ਨਹੀਂ ਕੀਤਾ ਪਰ ਅਮਰੀਕੀ ਅਧਿਕਾਰੀਆਂ ਨੇ ਆਖਿਆ ਕਿ ਇਹ ਮੁੱਦਾ ਉੱਠਿਆ ਜ਼ਰੂਰ ਸੀ। ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਉੱਤੇ ਇੱਕ ਅਧਿਕਾਰੀ ਨੇ ਦੱਸਿਆ ਕਿ ਬਲਿੰਕਨ ਵੱਲੋਂ ਭਾਰਤ ਨੂੰ ਕੈਨੇਡੀਅਨ ਜਾਂਚ ਵਿੱਚ ਸਹਿਯੋਗ ਕਰਨ ਲਈ ਹੱਲਾਸੇ਼ਰੀ ਦਿੱਤੀ ਗਈ ਹੈ। ਦੋਵਾਂ ਆਗੂਆਂ ਦੀ ਮੀਟਿੰਗ ਤੋਂ ਪਹਿਲਾਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੈਥਿਊ ਮਿੱਲਰ ਨੇ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਅਸੀਂ ਭਾਰਤ ਸਰਕਾਰ ਨਾਲ ਲਗਾਤਾਰ ਰਾਬਤਾ ਰੱਖ ਰਹੇ ਹਾਂ ਤੇ ਉਸ ਨੂੰ ਸਹਿਯੋਗ ਲਈ ਅਪੀਲ ਕਰ ਰਹੇ ਹਾਂ।
ਮੀਟਿੰਗ ਤੋਂ ਬਾਅਦ ਮਿੱਲਰ ਨੇ ਇੱਕ ਬਿਆਨ ਜਾਰੀ ਕਰਕੇ ਦੱਸਿਆ ਕਿ ਬਲਿੰਕਨ ਤੇ ਜੈਸੰ਼ਕਰ ਨੇ ਕਈ ਮੁੱਦਿਆਂ ਉੱਤੇ ਗੱਲ ਕੀਤੀ, ਇਨ੍ਹਾਂ ਵਿੱਚ ਭਾਰਤ ਦੀ ਮੇਜ਼ਬਾਨੀ ਵਿੱਚ ਹੋਈ ਜੀ-20 ਵਾਰਤਾ ਦੇ ਨਤੀਜਿਆਂ, ਭਾਂਰਤ-ਮਿਡਲ ਈਸਟ-ਯੂਰਪ ਇਕਨੌਮਿਕ ਕੌਰੀਡੋਰ ਕਾਇਮ ਕਰਨ ਤੇ ਪਾਰਦਰਸ਼ੀ, ਟਿਕਾਊ ਤੇ ਉੱਚ ਮਿਆਰ ਵਾਲਾ ਇਨਫਰਾਸਟ੍ਰਕਚਰ ਨਿਵੇਸ਼ ਪੈਦਾ ਕਰਨ ਦੀ ਸਮਰੱਥਾ ਆਦਿ ਸ਼ਾਮਲ ਹਨ।