ਓਟਵਾ, 28 ਸਤੰਬਰ (ਪੋਸਟ ਬਿਊਰੋ) : ਹੈਲਥ ਕੈਨੇਡਾ ਵੱਲੋਂ ਓਮਾਇਕ੍ਰੌਨ ਦੇ ਸਬਵੇਰੀਐਂਟ ਨੂੰ ਖ਼ਤਮ ਕਰਨ ਲਈ ਤਿਆਰ ਕੀਤੀ ਗਈ ਫਾਈਜ਼ਰ-ਬਾਇਓਐਨਟੈਕ ਦੀ ਕੌਮੀਰਨੈਟੀ ਵੈਕਸੀਨ ਦੀ ਵਰਤੋਂ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ।ਇਹ ਵੈਕਸੀਨ ਛੇ ਮਹੀਨੇ ਦੇ ਬੱਚੇ ਤੋਂ ਲੈ ਕੇ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਲਾਈ ਜਾ ਸਕੇਗੀ।
ਫੈਡਰਲ ਏਜੰਸੀ ਨੇ ਐਮਆਰਐਨਏ ਦੀ ਵੈਕਸੀਨ ਨੂੰ ਵੀਰਵਾਰ ਨੂੰ ਮਨਜ਼ੂਰੀ ਦਿੱਤੀ। ਇਹ ਵੈਕਸੀਨ ਓਮਾਇਕ੍ਰੌਨ ਵੇਰੀਐਂਟ ਦੇ ਐਕਸਬੀਬੀ·1·5 ਸਟਰੇਨ ਨੂੰ ਨਿਸ਼ਾਨਾ ਬਣਾਉਣ ਲਈ ਤਿਆਰ ਕੀਤੀ ਗਈ ਹੈ। ਹੈਲਥ ਕੈਨੇਡਾ ਨੂੰ 29 ਜੂਨ, 2023 ਨੂੰ ਫਾਈਜ਼ਰ-ਬਾਇਓਐਨਟੈਕ ਵੱਲੋਂ ਇਸ ਵੈਕਸੀਨ ਦੀ ਜਾਂਚ ਲਈ ਸਬਮਿਸ਼ਨ ਕਰਵਾਈ ਗਈ ਸੀ।
ਫੈਡਰਲ ਏਜੰਸੀ ਨੇ ਆਪਣੀ ਵੈੱਬਸਾਈਟ ਉੱਤੇ ਆਖਿਆ ਕਿ ਇਸ ਵੈਕਸੀਨ ਦਾ ਆਜ਼ਾਦਾਨਾ ਮੁਲਾਂਕਣ ਕਰਵਾਉਣ ਤੋਂ ਬਾਅਦ ਹੈਲਥ ਕੈਨੇਡਾ ਯਕੀਨਨ ਇਹ ਆਖ ਸਕਦਾ ਹੈ ਕਿ ਇਹ ਵੈਕਸੀਨ ਸਾਡੇ ਸਾਰੇ ਸੇਫਟੀ ਤੇ ਕੁਆਲਟੀ ਟੈਸਟਸ ਉਤੇ ਖਰੀ ਉਤਰੀ ਹੈ। ਸਬਵੇਰੀਐਂਟ ਨੂੰ ਖ਼ਤਮ ਕਰਨ ਲਈ ਇਹ ਦੂਜੀ ਵੈਕਸੀਨ ਹੈ ਜਿਸ ਨੂੰ ਹੈਲਥ ਕੈਨੇਡਾ ਵੱਲੋਂ ਮਨਜ਼ੂਰੀ ਦਿੱਤੀ ਗਈ ਹੈ। ਇਸ ਮਹੀਨੇ ਦੇ ਸੁ਼ਰੂ ਵਿੱਚ ਹੈਲਥ ਕੈਨੇਡਾ ਵੱਲੋਂ ਮੌਡਰਨਾ ਦੀ ਨਵੀਂ ਸਪਾਈਕਵੈਕਸ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਗਈ ਸੀ।