ਓਟਵਾ, 28 ਸਤੰਬਰ (ਪੋਸਟ ਬਿਊਰੋ) : ਹੈਰੀ ਪੌਟਰ ਦੀਆਂ ਅੱਠ ਫਿਲਮਾਂ ਵਿੱਚੋਂ ਛੇ ਵਿੱਚ ਹੌਗਵਾਰਟਸ ਹੈੱਡਮਾਸਟਰ ਐਲਬਸ ਡੰਬਲਡੋਰ ਦੀ ਭੂਮਿਕਾ ਨਿਭਾਉਣ ਵਾਲੇ ਸੀਨੀਅਰ ਐਕਟਰ ਮਾਈਕਲ ਗੈਂਬਡਨ ਨਹੀਂ ਰਹੇ। ਉਹ 82 ਸਾਲਾਂ ਦੇ ਸਨ।
ਉਨ੍ਹਾਂ ਦੇ ਪਰਿਵਾਰ ਤੇ ਪਬਲਿਸਿਸਟ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਆਖਿਆ ਗਿਆ ਕਿ ਉਸ ਦੀ ਮੌਤ ਨਿਮੋਨੀਆ ਕਾਰਨ ਹੋਈ। ਉਸ ਦੇ ਪਰਿਵਾਰ ਨੇ ਆਖਿਆ ਕਿ ਸਰ ਮਾਈਕਲ ਗੈਂਬਡਨ ਦੀ ਮੌਤ ਦਾ ਐਲਾਨ ਕਰਦੇ ਹੋਏ ਸਾਨੂੰ ਬਹੁਤ ਦੁੁੱਖ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮਾਈਕਲ ਦੀ ਮੌਤ ਸਮੇਂ ਉਨ੍ਹਾਂ ਦੀ ਪਤਨੀ ਐਨ ਤੇ ਬੇਟਾ ਫਰਗੁਸ ਉਨ੍ਹਾਂ ਦੇ ਕੋਲ ਹੀ ਹਸਪਤਾਲ ਵਿੱਚ ਮੌਜੂਦ ਸਨ।
ਪੰਜ ਦਹਾਕਿਆਂ ਵਿੱਚ ਭਾਵੇਂ ਮਾਈਕਲ ਨੇ ਕੋਈ ਵੀ ਭੂਮਿਕਾ ਨਿਭਾਈ ਹੋਵੇ ਹਮੇਸ਼ਾਂ ਉਨ੍ਹਾਂ ਦੀ ਡੂੰਘੀ ਆਵਾਜ਼ ਤੋਂ ਉਨ੍ਹਾਂ ਦੀ ਪਛਾਣ ਹੋ ਜਾਂਦੀ ਸੀ। 2002 ਵਿੱਚ ਹੈਰੀ ਪੌਟਰ ਵਿੱਚ ਡੰਬਲਡੋਰ ਦੀ ਭੂਮਿਕਾ ਨਿਭਾਉਣ ਵਾਲੇ ਰਿਚਰਡ ਹੈਰਿਸ ਦੀ ਮੌਤ ਹੋ ਜਾਣ ਤੋਂ ਬਾਅਦ ਮਾਈਕਲ ਵੱਲੋਂ ਹੀ ਡੰਬਲਡੋਰ ਦੀ ਭੂਮਿਕਾ ਨਿਭਾਈ ਜਾਂਦੀ ਰਹੀ। ਉਨ੍ਹਾਂ ਇੱਕ ਵਾਰੀ ਮੰਨਿਆ ਸੀ ਕਿ ਉਨ੍ਹਾਂ ਕਦੇ ਵੀ ਜੇ ਕੇ ਰਾਉਲਿੰਗ ਦੀ ਕੋਈ ਵੀ ਬੈਸਟ ਸੈਲਿੰਗ ਬੁੱਕ ਨਹੀਂ ਪੜ੍ਹੀ ਹੈ।
ਆਇਰਲੈਂਡ ਵਿੱਚ 19 ਅਕਤੂਬਰ, 1940 ਨੂੰ ਪੈਦਾ ਹੋਏ ਗੈਂਬਡਨ ਦੀ ਪਰਵਰਿਸ਼ ਲੰਡਨ ਵਿੱਚ ਹੀ ਹੋਈ ਤੇ ਉਹ ਪੇਸੇ਼ ਵਜੋਂ ਇੰਜੀਨੀਅਰ ਸਨ। ਉਨ੍ਹਾਂ ਆਪਣਾ ਥਿਏਟਰ ਡੈਬਿਊ ਡਬਲਿਨ ਵਿੱਚ ਓਥੈਲੋ ਤੋਂ ਕੀਤਾ।