ਓਟਵਾ, 27 ਸਤੰਬਰ (ਪੋਸਟ ਬਿਊਰੋ) : ਪਿਛਲੇ ਹਫਤੇ ਯੂਕਰੇਨ ਦੇ ਰਾਸ਼ਟਰਪਤੀ ਦੇ ਕੈਨੇਡੀਅਨ ਪਾਰਲੀਆਮੈਂਟ ਨੂੰ ਸੰਬੋਧਨ ਕਰਨ ਦੌਰਾਨ ਨਾਜ਼ੀਆਂ ਲਈ ਲੜਨ ਵਾਲੇ ਸ਼ਖਸ ਨੂੰ ਸਨਮਾਨਿਤ ਕੀਤੇ ਜਾਣ ਉਤੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੈਨੇਡਾ ਦੀ ਪਾਰਲੀਆਮੈਂਟ ਦੇ ਪੱਖ ਉੱਤੇ ਮੁਆਫੀ ਮੰਗੀ ਗਈ।
ਹਾਊਸ ਆਫ ਕਾਮਨਜ਼ ਵਿੱਚ ਦਾਖਲ ਹੋਣ ਤੋਂ ਪਹਿਲਾਂ ਉਨ੍ਹੱਾਂ ਨਿੱਕਾ ਜਿਹਾ ਬਿਆਨ ਦਿੱਤਾ ਜਿਸ ਵਿੱਚ ਉਨ੍ਹਾਂ ਇਸ ਘਟਨਾਕ੍ਰਮ ਲਈ ਮੁਆਫੀ ਮੰਗੀ। ਉਨ੍ਹਾਂ ਆਖਿਆ ਕਿ ਇਹ ਅਜਿਹੀ ਗਲਤੀ ਸੀ ਜਿਸ ਕਾਰਨ ਪਾਰਲੀਆਮੈਂਟ ਤੇ ਕੈਨੇਡਾ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਟਰਡੋ ਨੇ ਪੱਤਰਕਾਰਾਂ ਦੇ ਕਿਸੇ ਵੀ ਤਰ੍ਹਾਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਮੁਆਫੀ ਮੰਗਦਿਆਂ ਆਖਿਆ ਕਿ ਜਿਹੜੇ ਵੀ ਮੈਂਬਰ ਸੁੱ਼ਕਰਵਾਰ ਨੂੰ ਪਾਰਲੀਆਮੈੰਟ ਵਿੱਚ ਮੌਜੂਦ ਸਨ ਉਨ੍ਹਾਂ ਨੂੰ ਇਸ ਮਾਮਲੇ ਦੀ ਜਾਣਕਾਰੀ ਨਹੀਂ ਸੀ ਤੇ ਅਸੀਂ ਦੋ ਵਾਰੀ ਖੜ੍ਹੇ ਹੋ ਕੇ ਤੇ ਤਾੜੀਆਂ ਵਜਾ ਕੇ ਉਸ ਸ਼ਖ਼ਸ ਦਾ ਸਨਮਾਨ ਕੀਤਾ।
ਟਰੂਡੋ ਨੇ ਆਖਿਆ ਕਿ 98 ਸਾਲਾ ਯੂਕਰੇਨ ਸੈਨਿਕ ਯਾਰੋਸਲੈਵ ਹੁਨਕਾ ਨੂੰ ਪਾਰਲੀਆਮੈਂਟ ਵਿੱਚ ਸੱਦਣ ਤੇ ਉਸ ਨੂੰ ਸਨਮਾਨਿਤ ਕਰਵਾ਼ਉਣ ਲਈ ਸਿਰਫ ਤੇ ਸਿਰਫ ਸਪੀਕਰ ਐਂਥਨੀ ਰੋਟਾ ਹੀ ਜਿ਼ੰਮੇਵਾਰ ਸਨ ਤੇ ਉਨ੍ਹਾਂ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ।