ਓਟਵਾ, 27 ਸਤੰਬਰ (ਪੋਸਟ ਬਿਊਰੋ) : ਹਾਊਸ ਆਫ ਕਾਮਨਜ਼ ਦੇ ਸਪੀਕਰ ਐਂਥਨੀ ਰੋਟਾ ਦਾ ਅਸਤੀਫਾ ਅੱਜ ਸ਼ਾਮ ਤੋਂ ਪ੍ਰਭਾਵੀ ਹੋ ਜਾਵੇਗਾ।
ਰੋਟਾ ਨੇ ਮੰਗਲਵਾਰ ਨੂੰ ਉਸ ਸਮੇਂ ਅਸਤੀਫਾ ਦਿੱਤਾ ਜਦੋਂ ਉਨ੍ਹਾਂ ਨਾਜ਼ੀਆਂ ਲਈ ਲੜਨ ਵਾਲੇ ਵਿਅਕਤੀ ਨੂੰ ਯੂਕਰੇਨੀ ਰਾਸ਼ਟਰਪਤੀ ਦੇ ਸੁ਼ੱਕਰਵਾਰ ਨੂੰ ਦਿੱਤੇ ਭਾਸ਼ਣ ਤੋਂ ਬਾਅਦ ਪਾਰਲੀਆਮੈਂਟ ਦੇ ਰੂ ਬ ਰੂ ਕਰਵਾਉਣ ਲਈ ਸੱਦਾ ਦਿੱਤਾ ਤੇ ਫਿਰ ਇਸ ਕਾਰਨ ਉਨ੍ਹਾਂ ਨੂੰ ਚੁਫੇਰਿਓਂ ਨੁਕਤਾਚੀਨੀ ਦਾ ਸਾਹਮਣਾ ਕਰਨਾ ਪਿਆ।
ਉਨ੍ਹਾਂ ਆਖਿਆ ਕਿ ਇਸ ਗੱਲ ਦਾ ਉਨ੍ਹਾਂ ਨੂੰ ਪਛਤਾਵਾ ਹੈ ਕਿ ਉਨ੍ਹਾਂ 98 ਸਾਲਾ ਯਾਰੋਸਲੈਵ ਹੁਨਕਾ ਨੂੰ ਪਾਰਲੀਆਮੈਂਟ ਆਉਣ ਦਾ ਸੱਦਾ ਦਿੱਤਾ ਤੇ ਉਨ੍ਹਾਂ ਨੂੰ ਸਨਮਾਨਿਤ ਕਰਵਾਇਆ। ਹੁਨਕਾ ਯੂਕਰੇਨੀ ਵਾਲੰਟੈਰੀ ਯੂਨਿਟ ਦੇ ਮੈਂਬਰ ਸਨ, ਜਿਹੜੀ ਦੂਜੀ ਵਿਸ਼ਵ ਜੰਗ ਮੌਕੇ ਨਾਜ਼ੀਆਂ ਦੀ ਕਮਾਂਡ ਹੇਠ ਸੀ।
ਇਸ ਸ਼ਖਸ ਦੇ ਪਿਛੋਕੜ ਨੂੰ ਜਾਣੇ ਬਿਨਾਂ ਹੀ ਪਾਰਲੀਆਮੈਂਟੇਰੀਅਨਜ਼ ਤੇ ਪਾਰਲੀਆਮੈਂਟ ਵਿੱਚ ਮੌਜੂਦ ਅਹਿਮ ਹਸਤੀਆਂ ਵੱਲੋਂ ਹੁਨਕਾ ਨੂੰ ਦੋ ਵਾਰੀ ਸਟੈਂਡਿੰਗ ਓਵੇਸ਼ਨ ਦਿੱਤੀ ਗਈ। ਹਾਊਸ ਵਿੱਚ ਸਾਰੇ ਪਾਸਿਆਂ ਤੋਂ ਮੰਗ ਉੱਠਣ ਤੋਂ ਬਾਅਦ ਰੋਟਾ ਨੇ ਅਸਤੀਫਾ ਦੇ ਦਿੱਤਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਇਹ ਘਟਨਾ ਕੈਨੇਡਾ ਲਈ ਕਾਫੀ ਸ਼ਰਮਿੰਦਗੀ ਵਾਲੀ ਹੈ।
ਹਾਊਸ ਆਫ ਕਾਮਨਜ਼ ਦੀ ਪ੍ਰਕਿਰਿਆ ਮੁਤਾਬਕ ਜਿਵੇਂ ਹੀ ਰੋਟਾ ਆਪਣੇ ਅਹੁਦੇ ਤੋਂ ਹਟਣਗੇ ਉਦੋਂ ਤੋਂ ਹੀ ਐਮਪੀਜ਼ ਨੂੰ ਨਵਾਂ ਸਪੀਕਰ ਲੱਭਣ ਦੀ ਪ੍ਰਕਿਰਿਆ ਸ਼ੁਰੂ ਕਰਨੀ ਹੋਵੇਗੀ ਤੇ ਫਿਰ ਹੀ ਉਹ ਆਪਣਾ ਕੰਮਕਾਰ ਆਮ ਵਾਂਗ ਸ਼ੁਰੂ ਕਰ ਸਕਣਗੇ।