ਓਟਵਾ, 27 ਸਤੰਬਰ (ਪੋਸਟ ਬਿਊਰੋ) : ਜੂਨ ਵਿੱਚ ਗੁਰੂ ਨਾਨਕ ਸਿੱਖ ਗੁਰਦੁਆਰੇ ਦੇ ਬਾਹਰ ਮਾਰੇ ਗਏ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੇ ਨੇੜਲੇ ਦੋਸਤ ਨੇ ਦੱਸਿਆ ਕਿ ਕਤਲ ਵਾਲੇ ਦਿਨ ਤੋਂ ਪਹਿਲਾਂ ਹੀ ਨਿੱਝਰ ਨੂੰ ਆਪਣੀ ਕਾਰ ਦੇ ਥੱਲੇ ਟਰੈਕਿੰਗ ਡਿਵਾਈਸ ਮਿਲੀ ਸੀ।
ਗੁਰਦੁਆਰਾਜ ਬੀਸੀ ਕਾਊਂਸਲ ਦੇ ਬੁਲਾਰੇ ਮੋਨਿੰਦਰ ਸਿੰਘ ਨੇ ਆਖਿਆ ਕਿ ਆਪਣੀ ਮੌਤ ਤੋਂ ਦੋ ਕੁ ਹਫਤੇ ਪਹਿਲਾਂ ਜਦੋਂ ਨਿੱਝਰ ਘਰ ਆਇਆ ਤਾਂ ਉਸ ਨੇ ਦੱਸਿਆ ਕਿ ਉਸ ਦੀ ਗੱਡੀ ਥੱਲੇ ਟਰੈਕਿੰਗ ਡਿਵਾਈਸ ਲੱਗੀ ਮਿਲੀ ਹੈ। ਉਸ ਨੇ ਦੱਸਿਆ ਕਿ ਉਹ ਮਕੈਨਿਕ ਦੀ ਦੁਕਾਨ ਉੱਤੇ ਸਨ ਤੇ ਉਨ੍ਹਾਂ ਜਦੋਂ ਗੱਡੀ ਉੱਤੇ ਚੁੱਕੀ ਤਾਂ ਉਨ੍ਹਾਂ ਨੂੰ ਉਹ ਡਿਵਾਈਸ ਮਿਲੀ। 18 ਜੂਨ ਨੂੰ ਸ਼ਾਮ ਦੀ ਅਰਦਾਸ ਤੋਂ ਬਾਅਦ ਜਦੋਂ ਨਿੱਝਰ ਗੁਰਦੁਆਰੇ ਵਿੱਚੋਂ ਨਿਕਲ ਕੇ ਆਪਣੇ ਟਰੱਕ ਵਿੱਚ ਬੈਠਿਆ ਤਾਂ ਪਾਰਕਿੰਗ ਲੌਟ ਵਿੱਚ ਹੀ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ। ਉਸ ਨੇ ਪਹਿਲਾਂ ਹੀ ਆਪਣੇ ਦੋਸਤਾਂ ਤੇ ਪਰਿਵਾਰ ਵਾਲਿਆਂ ਨੂੰ ਦੱਸਿਆ ਸੀ ਕਿ ਉਸ ਦੀ ਜਾਨ ਨੂੰ ਖਤਰਾ ਹੈ।
ਮੋਨਿੰਦਰ ਸਿੰਘ ਨੇ ਦੱਸਿਆ ਕਿ ਨਿੱਝਰ ਦੇ ਕਤਲ ਤੋਂ ਬਾਅਦ ਸੱਭ ਤੋਂ ਪਹਿਲੀ ਕਾਲ ਉਨ੍ਹਾਂ ਨੂੰ ਹੀ ਕੀਤੀ ਗਈ ਸੀ ਤੇ ਕਾਰ ਦਾ ਦਰਵਾਜ਼ਾ ਖੋਲ੍ਹ ਕੇ ਇਹ ਜਾਣਕਾਰੀ ਦੇਣ ਵਾਲੇ ਸ਼ਖ਼ਸ ਨੇ ਆਖਿਆ ਸੀ ਕਿ ਤੁਰੰਤ ਉੱਥੇ ਪਹੁੰਚਾਂ। ਉਸ ਸ਼ਖ਼ਸ ਨੇ ਇਹ ਵੀ ਦੱਸਿਆ ਸੀ ਕਿ ਨਿੱਝਰ ਨੂੰ ਗੋਲੀ ਮਾਰ ਦਿੱਤੀ ਗਈ ਹੈ।
ਨਿੱਝਰ ਖਾਲਿਸਤਾਨ ਦਾ ਸਮਰਥਕ ਤੇ ਕਾਰਕੁੰਨ ਸੀ।ਇਸ ਮਾਮਲੇ ਦੀ ਜਾਂਚ ਦਾ ਕੰਮ ਇੰਟੇਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਨੇ ਆਪਣੇ ਹੱਥ ਲੈ ਲਿਆ ਹੈ। ਉਸ ਵੱਲੋਂ ਥੋੜ੍ਹੇ ਵੇਰਵੇ ਵੀ ਸਾਂਝੇ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਗੁਰਦੁਆਰੇ ਤੋਂ ਲਈ ਗਈ ਸਕਿਊਰਿਟੀ ਫੁਟੇਜ ਮੁਤਾਬਕ ਮਸ਼ਕੂਕਾਂ ਦੀ ਕਾਰ ਨੇ ਪਾਰਕਿੰਗ ਲੌਟ ਤੱਕ ਉਸ ਦਾ ਪਿੱਛਾ ਕੀਤਾ, ਪਿਛਲੀ ਐਗਜਿ਼ਟ ਤੋਂ ਜਿੱਥੋਂ ਨਿੱਝਰ ਨੇ ਬਾਹਰ ਨਿਕਲਣਾ ਸੀ ਮਸ਼ਕੂਕਾਂ ਦੀ ਕਾਰ ਵੱਲੋਂ ਉਹ ਰਾਹ ਰੋਕ ਲਿਆ ਗਿਆ, ਫਿਰ ਉਸ ਨੂੰ ਅਜਿਹੀ ਥਾਂ ਉੱਤੇ ਲਿਆਂਦਾ ਗਿਆ ਜਿੱਥੋਂ ਸ਼ੂਟਰ ਆਸਾਨੀ ਨਾਲ ਉਸ ਉੱਤੇ ਵਾਰ ਕਰ ਸਕਣ। ਇਹ ਸਾਰਾ ਕੁੱਝ ਪੂਰੀ ਪਲੈਨਿੰਗ ਨਾਲ ਹੋਇਆ।
ਸਿੱਖ ਭਾਈਚਾਰੇ ਵਿੱਚ ਵੀ ਇਸ ਕਾਰਨ ਰੋਹ ਪਾਇਆ ਜਾ ਰਿਹਾ ਹੈ। ਪਿਛਲੇ ਹਫਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹਾਊਸ ਆਫ ਕਾਮਨਜ਼ ਵਿੱਚ ਇਹ ਐਲਾਨ ਕੀਤਾ ਕਿ ਉਨ੍ਹਾਂ ਕੋਲ ਇਸ ਗੱਲ ਦੇ ਸਬੂਤ ਹਨ ਕਿ ਨਿੱਝਰ ਦੇ ਕਤਲ ਵਿੱਚ ਭਾਰਤ ਸਰਕਾਰ ਦਾ ਹੱਥ ਹੈ। ਮੰਗਲਵਾਰ ਨੂੰ ਐਨਡੀਪੀ ਆਗੂ ਜਗਮੀਤ ਸਿੰਘ ਨੇ ਵੀ ਇਹ ਆਖਿਆ ਕਿ ਉਨ੍ਹਾਂ ਨੂੰ ਵੀ ਇਨ੍ਹਾਂ ਦੋਸ਼ਾਂ ਸਬੰਧੀ ਬ੍ਰੀਫ ਕੀਤਾ ਗਿਆ ਹੈ। ਪਰ ਭਾਰਤ ਵੱਲੋਂ ਇਨ੍ਹਾਂ ਦੋਸ਼ਾਂ ਤੋਂ ਸਾਫ ਇਨਕਾਰ ਕੀਤਾ ਜਾ ਰਿਹਾ ਹੈ।