ਓਟਵਾ, 26 ਸਤੰਬਰ (ਪੋਸਟ ਬਿਊਰੋ) : ਪਿਛਲੇ ਹਫਤੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੈਂਸਕੀ ਵੱਲੋਂ ਕੈਨੇਡਾ ਦੀ ਪਾਰਲੀਆਮੈਂਟ ਵਿੱਚ ਦਿੱਤੇ ਜਾਣ ਵਾਲੇ ਭਾਸ਼ਣ ਦੌਰਾਨ ਨਾਜ਼ੀਆਂ ਲਈ ਲੜਨ ਵਾਲੇ ਸ਼ਖ਼ਸ ਨੂੰ ਸੱਦਾ ਦੇਣ ਵਾਲੇ ਹਾਊਸ ਆਫ ਕਾਮਨਜ਼ ਦੇ ਸਪੀਕਰ ਐਂਥਨੀ ਰੋਟਾ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ।
ਸਾਰੀਆਂ ਸਿਆਸੀ ਧਿਰਾਂ ਵੱਲੋਂ ਰੋਟਾ ਉੱਤੇ ਅਸਤੀਫਾ ਦੇਣ ਲਈ ਦਬਾਅ ਪਾਇਆ ਜਾ ਰਿਹਾ ਸੀ।ਸਰਕਾਰ ਦੀ ਹਾਊਸ ਲੀਡਰ ਕਰੀਨਾ ਗੋਲਡ ਨੇ ਮੰਗਲਵਾਰ ਸਵੇਰੇ ਆਖਿਆ ਕਿ ਉਸ ਦਾ ਮੰਨਣਾ ਹੈ ਕਿ ਪਾਰਲੀਆਮੈਂਟ ਮੈਂਬਰਜ਼ ਦਾ ਰੋਟਾ ਤੋਂ ਯਕੀਨ ਉੱਠ ਗਿਆ। ਗੋਲਡ ਨੇ ਆਖਿਆ ਕਿ ਉਨ੍ਹਾਂ ਨੂੰ ਇਹ ਸਮਝ ਨਹੀਂ ਆ ਰਹੀ ਕਿ ਰੋਟਾ ਲਿਬਰਲ ਐਮਪੀਜ਼ ਦਾ ਵਿਸ਼ਵਾਸ ਕਿਵੇਂ ਹਾਸਲ ਕਰਨਗੇ ਤੇ ਸਪੀਕਰ ਲਈ ਸਨਮਾਨਜਨਕ ਢੰਗ ਨਾਲ ਅਸਤੀਫਾ ਦੇਣਾ ਹੀ ਸਹੀ ਫੈਸਲਾ ਹੈ।
ਕੰਜ਼ਰਵੇਟਿਵ ਆਗੂ ਪਿਏਰ ਪੌਲੀਏਵਰ ਨੇ ਵੀ ਰੋਟਾ ਨੂੰ ਅਸਤੀਫਾ ਦੇਣ ਲਈ ਆਖਿਆ ਸੀ ਤੇ ਸੋਮਵਾਰ ਨੂੰ ਇਸੇ ਤਰ੍ਹਾਂ ਦੀ ਮੰਗ ਐਨਡੀਪੀ ਤੇ ਬਲਾਕ ਕਿਊਬਿਕੁਆ ਵੱਲੋਂ ਵੀ ਉੱਠੀ ਸੀ। ਜਿ਼ਕਰਯੋਗ ਹੈ ਕਿ ਰੋਟਾ ਨੇ ਨਾ ਸਿਰਫ ਫਰਸਟ ਯੂਕਰੇਨੀਅਨ ਡਵੀਜ਼ਨ ਦੇ ਮੈਂਬਰ ਯਾਰੋਸਲੈਵ ਹੁਨਕਾ ਨੂ਼ੰ ਪਾਰਲੀਆਮੈਂਟ ਆਉਣ ਦਾ ਸੱਦਾ ਦਿੱਤਾ ਸਗੋਂ ਉਸ ਦਾ ਸਨਮਾਨ ਵੀ ਕੀਤਾ। ਇਹ ਡਵੀਜ਼ਨ ਨਾਜ਼ੀਆਂ ਦੀ ਕਮਾਂਡ ਹੇਠ ਸੀ।