ਓਟਵਾ, 25 ਸਤੰਬਰ (ਪੋਸਟ ਬਿਊਰੋ) : ਯੂਕਰੇਨ ਦੇ ਰਾਸ਼ਟਰਪਤੀ ਦੇ ਭਾਸ਼ਣ ਦੌਰਾਨ ਹਾਜ਼ਰ ਰਹਿਣ ਲਈ ਸੱਦੇ ਗਏ ਉਸ ਵਿਅਕਤੀ, ਜਿਸ ਨੇ ਨਾਜ਼ੀਆਂ ਵੱਲੋਂ ਯਹੂਦੀਆਂ ਖਿਲਾਫ ਲੜਾਈ ਵਿੱਚ ਹਿੱਸਾ ਲਿਆ ਸੀ, ਤੋਂ ਬਾਅਦ ਐਨਡੀਪੀ ਦੇ ਹਾਊਸ ਲੀਡਰ ਪੀਟਰ ਜੂਲੀਅਨ ਵੱਲੋਂ ਹਾਊਸ ਆਫ ਕਾਮਨਜ਼ ਦੇ ਸਪੀਕਰ ਐਂਥਨੀ ਰੋਟਾ ਤੋਂ ਅਸਤੀਫਾ ਦਿੱਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ।
ਸੋਮਵਾਰ ਨੂੰ ਹਾਊਸ ਵਿੱਚ ਮੁਆਫੀ ਮੰਗਦਿਆਂ ਰੋਟਾ ਨੇ ਆਖਿਆ ਕਿ ਪਹਿਲੀ ਯੂਕਰੇਨੀਅਨ ਡਵੀਜ਼ਨ ਲਈ ਲੜਨ ਵਾਲੇ ਯਾਰੋਸ਼ਲੇਵ ਹੁਨਕਾ ਨੂੰ ਪਾਰਲੀਆਮੈਂਟ ਵਿੱਚ ਆਉਣ ਦਾ ਸੱਦਾ ਦੇਣ ਲਈ ਸਿਰਫ ਤੇ ਸਿਰਫ ਉਹ ਖੁਦ ਜਿੰ਼ਮੇਵਾਰ ਹਨ। ਸਰਕਾਰ ਦੀ ਹਾਊਸ ਲੀਡਰ ਕਰੀਨਾ ਗੋਲਡ ਨੇ ਆਖਿਆ ਕਿ ਇਹ ਕਦਮ ਬਹੁਤ ਹੀ ਸ਼ਰਮਿੰਦਾ ਕਰਨ ਵਾਲਾ ਸੀ ਤੇ ਉਹ ਚਾਹੁੰਦੀ ਹੈ ਕਿ ਕਿਸੇ ਤਰ੍ਹਾਂ ਇਸ ਨੂੰ ਇਤਿਹਾਸ ਦੇ ਪੰਨਿਆਂ ਵਿੱਚੋਂ ਹਟਾਅ ਦਿੱਤਾ ਜਾਵੇ। ਜਿ਼ਕਰਯੋਗ ਹੈ ਕਿ ਹੁਨਕਾ ਨੂੰ ਹਾਊਸ ਆਫ ਕਾਮਨਜ਼ ਵਿੱਚ ਐਮਪੀਜ਼ ਵੱਲੋਂ ਖੜ੍ਹੇ ਹੋ ਕੇ ਤਾੜੀਆਂ ਵਜਾ ਕੇ ਸਨਮਾਨਿਤ ਵੀ ਕੀਤਾ ਗਿਆ।
ਗੋਲਡ ਨੇ ਆਖਿਆ ਕਿ ਨਾ ਹੀ ਫੈਡਰਲ ਸਰਕਾਰ ਤੇ ਨਾ ਹੀ ਯੂਕਰੇਨੀਅਨ ਵਫਦ ਨੂੰ ਇਸ ਗੱਲ ਦੀ ਜਾਣਕਾਰੀ ਸੀ ਕਿ ਹੁਨਕਾ ਨੂੰ ਪਾਰਲੀਆਮੈਂਟ ਆਉਣ ਦਾ ਸੱਦਾ ਦਿੱਤਾ ਗਿਆ ਹੈ।ਕੰਜ਼ਰਵੇਟਿਵ ਹਾਊਸ ਲੀਡਰ ਐਂਡਰਿਊ ਸ਼ੀਅਰ ਵੱਲੋਂ ਅਜੇ ਵੀ ਪ੍ਰਧਾਨ ਮੰਤਰੀ ਆਫਿਸ ਉੱਤੇ ਇਹ ਦੋਸ਼ ਲਾਇਆ ਜਾ ਰਿਹਾ ਹੈ ਕਿ ਸਕਿਊਰਿਟੀ ਕਾਰਨਾਂ ਕਰਕੇ ਹੀ ਸਹੀ ਐਨੇ ਵੱਡੇ ਈਵੈਂਟ ਵਿੱਚ ਹਿੱਸਾ ਲੈਣ ਵਾਲਿਆਂ ਦੀ ਜਾਂਚ ਦੀ ਜਿ਼ੰਮੇਵਾਰੀ ਸਰਕਾਰ ਦੀ ਬਣਦੀ ਹੈ।
ਜੂਲੀਅਨ ਨੇ ਆਖਿਆ ਕਿ ਰੋਟਾ ਨੇ ਸਾਰਿਆਂ ਦਾ ਭਰੋਸਾ ਤੋੜਿਆ ਹੈ ਤੇ ਇਹ ਬੱਜਰ ਗਲਤੀ ਹੈ ਜਿਸ ਨੂੰ ਕਦੇ ਮੁਆਫ ਨਹੀਂ ਕੀਤਾ ਜਾ ਸਕਦਾ। ਇਸ ਲਈ ਸਪੀਕਰ ਨੂੰ ਆਪਣੇ ਅਹੁਦੇ ਤੋਂ ਪਾਸੇ ਹੋ ਜਾਣਾ ਚਾਹੀਦਾ ਹੈ।