ਓਟਵਾ, 25 ਸਤੰਬਰ (ਪੋਸਟ ਬਿਊਰੋ) : ਨਿੱਝਰ ਦੇ ਕਤਲ ਤੋਂ ਬਾਅਦ ਕੈਨੇਡਾ ਤੇ ਭਾਰਤ ਦੇ ਸਬੰਧਾਂ ਵਿੱਚ ਆਈ ਕੜਵਾਹਟ ਮਗਰੋਂ ਕੈਨੇਡਾ ਨੇ ਭਾਰਤ ਜਾਣ ਵਾਲੇ ਕੈਨੇਡੀਅਨਜ਼ ਲਈ ਟਰੈਵਲ ਐਡਵਾਈਜ਼ਰੀ ਅਪਡੇਟ ਕੀਤੀ ਹੈ। ਇਸ ਵਿੱਚ ਕੈਨੇਡੀਅਨਜ਼ ਖਿਲਾਫ ਮੁਜ਼ਾਹਰੇ ਹੋਣ ਤੇ ਨਕਾਰਾਤਮਕ ਜਜ਼ਬਾਤ ਭੜਕਣ ਦਾ ਖਦਸ਼ਾ ਪ੍ਰਗਟਾਇਆ ਗਿਆ ਹੈ।
ਗਲੋਬਲ ਅਫੇਅਰਜ਼ ਕੈਨੇਡਾ ਵੱਲੋਂ ਭਾਰਤ ਜਾਣ ਵਾਲਿਆਂ ਨੂੰ ਅਹਿਤਿਆਤ ਵਰਤਣ ਦੀ ਗੱਲ ਆਖੀ ਗਈ ਹੈ। ਇਹ ਵੀ ਆਖਿਆ ਗਿਆ ਹੈ ਕਿ ਕੈਨੇਡਾ ਤੇ ਭਾਰਤ ਦੇ ਰਿਸ਼ਤਿਆਂ ਵਿੱਚ ਆਈ ਕੜਵਾਹਟ ਕਾਰਨ ਭਾਰਤ ਜਾਣ ਵਾਲੇ ਕੈਨੇਡੀਅਨਜ਼ ਖਿਲਾਫ ਭਾਵਨਾਵਾਂ ਭੜਕ ਸਕਦੀਆਂ ਹਨ ਇਸ ਲਈ ਕੈਨੇਡੀਅਨਜ਼ ਨੂੰ ਚੌਕਸ ਰਹਿਣਾ ਚਾਹੀਦਾ ਹੈ। ਇਸ ਤਰ੍ਹਾਂ ਦੀ ਨਕਾਰਾਤਮਕਤਾ ਦਾ ਪਤਾ ਸੋਸ਼ਲ ਮੀਡੀਆ ਪੋਸਟਸ ਤੋਂ ਵੀ ਲੱਗਦਾ ਹੈ।
ਇਹ ਅਪਡੇਟ ਉਸ ਸਮੇਂ ਆਈ ਹੈ ਜਦੋਂ ਪਿਛਲੇ ਹਫਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੈਨੇਡੀਅਨ ਨਾਗਰਿਕ ਦਾ ਕਤਲ ਕਰਨ ਪਿੱਛੇ ਭਾਰਤ ਸਰਕਾਰ ਦੇ ਏਜੰਟਾਂ ਦਾ ਹੱਥ ਹੋਣ ਦਾ ਦੋਸ਼ ਭਾਰਤ ਉੱਤੇ ਲਾਇਆ ਗਿਆ। ਜਿ਼ਕਰਯੋਗ ਹੈ ਕਿ ਸਿੱਖ ਕਾਰਕੁੰਨ ਹਰਦੀਪ ਸਿੰਘ ਨਿੱਝਰ ਨੂੰ ਜੂਨ ਵਿੱਚ ਸਰ੍ਹੀ, ਬੀਸੀ ਦੇ ਗੁਰਦੁਆਰੇ ਦੇ ਬਾਹਰ ਗੋਲੀਆਂ ਮਾਰਕੇ ਮਾਰ ਦਿੱਤਾ ਗਿਆ ਸੀ। ਕਤਲ ਦੇ ਸਮੇਂ ਨਿੱਝਰ ਸਿੱਖਾਂ ਦਰਮਿਆਨ ਖਾਲਿਸਤਾਨ ਨੂੰ ਲੈ ਕੇ ਰਾਇਸ਼ੁਮਾਰੀ ਕਰਵਾਉਣ ਲਈ ਸਿੱਖਜ਼ ਫੌਰ ਜਸਟਿਸ ਨਾਂ ਦੀ ਆਰਗੇਨਾਈਜੇ਼ਸ਼ਨ ਨਾਲ ਕੰਮ ਕਰ ਰਿਹਾ ਸੀ।
ਉਸ ਦੇ ਕਤਲ ਵਿੱਚ ਭਾਰਤ ਸਰਕਾਰ ਦਾ ਹੱਥ ਹੋਣ ਦਾ ਖੁਲਾਸਾ ਕਰਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਟਰੂਡੋ ਵੱਲੋਂ ਭਾਰਤ ਨੂੰ ਇਸ ਮਾਮਲੇ ਦੀ ਜਾਂਚ ਵਿੱਚ ਸਾਥ ਦੇਣ ਦਾ ਸੱਦਾ ਵੀ ਦਿੱਤਾ ਗਿਆ। ਫਿਰ ਪਿਛਲੇ ਹਫਤੇ ਕੈਨੇਡਾ ਨੇ ਭਾਰਤ ਦੇ ਸਫੀਰ ਨੂੰ ਕੱਢ ਦਿੱਤਾ। ਜਵਾਬੀ ਕਾਰਵਾਈ ਵਿੱਚ ਭਾਰਤ ਸਰਕਾਰ ਨੇ ਵੀ ਕੈਨੇਡੀਅਨ ਨੁਮਾਇੰਦੇ ਨੂੰ ਕੱਢ ਦਿੱਤਾ। ਇਸ ਉਪਰੰਤ ਭਾਰਤ ਸਰਕਾਰ ਨੇ ਕੈਨੇਡੀਅਨ ਨਾਗਰਿਕਾਂ ਲਈ ਵੀਜ਼ਾ ਸੇਵਾਵਾਂ ਵੀ ਰੋਕ ਦਿੱਤੀਆਂ।ਇਸ ਸਮੇਂ ਦੋਵਾਂ ਦੇਸ਼ਾਂ ਦਰਮਿਆਨ ਤਣਾਅ ਵਧਿਆ ਹੋਇਆ ਹੈ।